ਨਵੀਂ ਦਿੱਲੀ, 22 ਅਗਸਤ
ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੀ ਲਾਗ ਦੇ 30,948 ਨਵੇਂ ਕੇਸ ਰਿਪੋਰਟ ਹੋਏ ਹਨ ਜਦੋਂਕਿ ਸਰਗਰਮ ਕੇਸਾਂ ਦੀ ਗਿਣਤੀ ਘੱਟ ਕੇ 3,53,398 ਰਹਿ ਗਈ ਹੈ, ਜੋ ਕਿ ਕੁਲ ਕੇਸਲੋਡ ਦਾ 1.09 ਫੀਸਦ ਹੈ ਤੇ ਪਿਛਲੇ 152 ਦਿਨਾਂ ਦੌਰਾਨ ਸਭ ਤੋਂ ਹੇਠਲਾ ਅੰਕੜਾ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਨਵਿਆਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਕੋਵਿਡ-19 ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 3,24,24,234 ਹੋ ਗਈ ਹੈ ਜਦੋਂਕਿ ਇਸੇ ਅਰਸੇ ਦੌਰਾਨ 403 ਹੋਰ ਮੌਤਾਂ ਨਾਲ ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ 4,34,367 ਨੂੰ ਅੱਪੜ ਗਈ ਹੈ। ਇਸ ਦੌਰਾਨ ਕਰੋਨਾ ਦੀ ਲਾਗ ਤੋਂ ਸਿਹਤਯਾਬ ਹੋਣ ਦੀ ਕੌਮੀ ਦਰ ਵਧ ਕੇ 97.57 ਫੀਸਦ ਹੋ ਗਈ ਹੈ, ਜੋ ਮਾਰਚ 2020 ਮਗਰੋਂ ਸਿਖਰਲਾ ਪੱਧਰ ਹੈ। ਸਵੇਰੇ ਅੱਠ ਵਜੇ ਤੱਕ ਰਿਪੋਰਟ ਹੋਈਆਂ 403 ਮੌਤਾਂ ’ਚੋਂ ਮਹਾਰਾਸ਼ਟਰ ਵਿੱਚ 145 ਤੇ ਕੇਰਲਾ ਵਿੱਚ 83 ਵਿਅਕਤੀ ਕਰੋਨਾ ਕਰਕੇ ਦਮ ਤੋੜ ਗਏ। -ਪੀਟੀਆਈ
ਪੰਜਾਬ ’ਚ ਲਗਾਤਾਰ ਦੂਜੇ ਦਿਨ ਕੋਈ ਮੌਤ ਨਹੀਂ
ਚੰਡੀਗੜ੍ਹ (ਟਨਸ): ਪੰਜਾਬ ’ਚ ਅੱਜ ਲਗਾਤਾਰ ਦੂਜੇ ਦਿਨ ਕਰੋਨਾ ਕਾਰਨ ਕੋਈ ਮੌਤ ਨਹੀਂ ਹੋਈ ਹੈ। ਸਿਹਤ ਵਿਭਾਗ ਅਨੁਸਾਰ ਅੱਜ ਪੰਜਾਬ ਵਿੱਚ 41 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 46 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਹੈ। ਇਸ ਸਮੇਂ ਸੂਬੇ ਵਿੱਚ 488 ਐਕਟਿਵ ਕੇਸ ਹਨ। ਦੂਜੇ ਪਾਸੇ ਹਰਿਆਣਾ ਵਿੱਚ ਕਰੋਨਾ ਕਾਰਨ 1 ਮੌਤ ਹੋਈ ਹੈ। ਇਸ ਨਾਲ ਕਰੋਨਾ ਮ੍ਰਿਤਕਾਂ ਦਾ ਅੰਕੜਾ 9667 ’ਤੇ ਪਹੁੰਚ ਗਿਆ ਹੈ। 24 ਘੰਟਿਆਂ ਵਿੱਚ 16 ਨਵੇਂ ਕੇਸ ਸਾਹਮਣੇ ਆਏ ਹਨ ਅਤੇ 14 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਹੈ। ਇਸ ਸਮੇਂ ਸੂਬੇ ਵਿੱਚ 676 ਐਕਟਿਵ ਕੇਸ ਹਨ।