ਨਵੀਂ ਦਿੱਲੀ, 19 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦੇ ਕੀਤੇ ਐਲਾਨ ਨਾਲ ਸਰਕਾਰ ਤੇ ਕਿਸਾਨਾਂ ਵਿਚਾਲੇ ਸਾਲ ਭਰ ਤੋਂ ਚੱਲਿਆ ਆ ਰਿਹਾ ਟਕਰਾਅ ਖਤਮ ਹੋਣ ਦੀ ਉਮੀਦ ਬਣ ਗਈ ਹੈ। ਖੇਤੀ ਕਾਨੂੰਨਾਂ ਵਿਰੁੱਧ ਇਸ ਅੰਦੋਲਨ ’ਚ 700 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਕਿਸਾਨ ਸੰਘਰਸ਼ ਨੂੰ ਲੈ ਕੇ ਨੌਜਵਾਨ ਵਾਤਾਵਰਨ ਕਾਰਕੁਨ ਗਰੇਟਾ ਥੁਨਬਰਗ, ਗਾਇਕਾ-ਕਾਰਕੁਨ ਰੇਹਾਨਾ ਅਤੇ ਵਕੀਲ-ਲੇਖਿਕਾ ਮੀਨਾ ਹੈਰਿਸ ਨੇ ਵੀ ਪ੍ਰਤੀਕਿਰਿਆ ਦਿੱਤੀ ਸੀ। ਕਿਸਾਨ ਸੰਘਰਸ਼ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਐੱਨਡੀਏ ਸਰਕਾਰ ਤੋਂ ਵੱਖ ਹੋਣਾ ਪਿਆ ਸੀ। ਕੇਂਦਰ ਸਰਕਾਰ ਨੇ ਪੰਜ ਜੂਨ 2020 ਨੂੰ ਤਿੰਨ ਖੇਤੀ ਕਾਨੂੰਨਾਂ ਦਾ ਐਲਾਨ ਕੀਤੇ ਤੇ 14 ਸਤੰਬਰ 2020 ਨੂੰ ਇਹ ਬਿੱਲ ਸੰਸਦ ’ਚ ਪੇਸ਼ ਕੀਤੇ ਜੋ 17 ਸਤੰਬਰ ਨੂੰ ਲੋਕ ਸਭਾ ਤੇ 20 ਸਤੰਬਰ ਨੂੰ ਰਾਜ ਸਭਾ ’ਚੋਂ ਪਾਸ ਹੋ ਗਏ। 24 ਸਤੰਬਰ ਨੂੰ ਪੰਜਾਬ ਦੇ ਕਿਸਾਨਾਂ ਨੇ ਤਿੰਨ ਦਿਨ ਦੇ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ। 25 ਸਤੰਬਰ ਨੂੰ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ’ਤੇ ਦੇਸ਼ ਭਰ ਦੇ ਕਿਸਾਨ ਰੋਸ ਮੁਜ਼ਾਹਰੇ ਲਈ ਇਕੱਠੇ ਹੋਏ। 26 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਐੱਨਡੀਏ ਸਰਕਾਰ ਛੱਡੀ। 27 ਸਤੰਬਰ ਨੂੰ ਖੇਤੀ ਬਿੱਲ ਰਾਸ਼ਟਰਪਤੀ ਦੀ ਮਨਜ਼ੂਰੀ ਮਗਰੋਂ ਕਾਨੂੰਨ ਬਣ ਗਏ।
25 ਨਵੰਬਰ ਨੂੰ ਪੰਜਾਬ ਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਚੱਲੋ ਦਾ ਸੱਦਾ ਦਿੱਤਾ ਤੇ 26 ਨਵੰਬਰ ਨੂੰ ਦਿੱਲੀ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ’ਚ ਪੁਲੀਸ ਨੇ ਜਲ ਤੋਪਾਂ ਤੇ ਅੱਥਰੂ ਗੈਸ ਰਾਹੀਂ ਰੋਕਣ ਦੀ ਕੋਸ਼ਿਸ਼ ਕੀਤੀ। 3 ਦਸੰਬਰ ਨੂੰ ਸਰਕਾਰ ਤੇ ਕਿਸਾਨ ਨੁਮਾਇੰਦਿਆਂ ਵਿਚਾਲੇ ਪਹਿਲੀ ਵਾਰਤਾ ਹੋਈ ਜੋ ਬੇਸਿੱਟਾ ਰਹੀ। 11 ਦਸੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਖੇਤੀ ਕਾਨੂੰਨਾਂ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੀ। ਕਿਸਾਨਾਂ ਵਿਚਾਲੇ 5 ਦਸੰਬਰ, 30 ਦਸੰਬਰ, 4 ਜਨਵਰੀ 2021 ਨੂੰ ਵੀ ਕਿਸਾਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਹੋਈ ਪਰ ਕੋਈ ਸਿੱਟਾ ਨਾ ਨਿਕਲਿਆ। 12 ਜਨਵਰੀ ਨੂੰ ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਦੇ ਅਮਲ ’ਤੇ ਰੋਕ ਲਾਉਂਦਿਆਂ ਕਾਨੂੰਨ ’ਤੇ ਸਿਫਾਰਸ਼ਾਂ ਦੇਣ ਲਈ ਚਾਰ ਮੈਂਬਰੀ ਕਮੇਟੀ ਬਣਾਈ। 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਕੱਢੀ ਗਈ ਟਰੈਕਟਰ ਪਰੇਡ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲੀਸ ਨਾਲ ਝੜਪ ਹੋਈ। 29 ਜਨਵਰੀ ਨੂੰ ਸਰਕਾਰ ਨੇ ਖੇਤੀ ਕਾਨੂੰਨ ਡੇਢ ਸਾਲ ਲਈ ਪਾਬੰਦੀ ਲਾਉਣ ਦੀ ਪੇਸ਼ਕਸ਼ ਕੀਤੀ ਜੋ ਕਿਸਾਨਾਂ ਨੇ ਠੁਕਰਾ ਦਿੱਤੀ। ਪੰਜ ਫਰਵਰੀ ਨੂੰ ਦਿੱਲੀ ਪੁਲੀਸ ਦੀ ਸਾਈਬਰ ਅਪਰਾਧ ਬ੍ਰਾਂਚ ਨੇ ਕਿਸਾਨ ਪ੍ਰਦਰਸ਼ਨਾਂ ’ਤੇ ਇੱਕ ਟੂਲਕਿੱਟ ਬਣਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤਾ ਜੋ ਗਰੇਟਾ ਥੁਨਬਰਗ ਨੇ ਸਾਂਝੀ ਕੀਤੀ ਸੀ। 22 ਜੁਲਾਈ 2021 ਨੂੰ ਕਰੀਬ 200 ਕਿਸਾਨਾਂ ਨੇ ਸੰਸਦ ਭਵਨ ਨੇੜੇ ਮੌਨਸੂਨ ਸੈਸ਼ਨ ਦੀ ਤਰ੍ਹਾਂ ਕਿਸਾਨ ਸੰਸਦ ਦੀ ਸ਼ੁਰੂਆਤ ਕੀਤੀ। ਪੰਜ ਸਤੰਬਰ ਨੂੰ ਯੂਪੀ ਵਿਧਾਨ ਸਭਾ ਚੋਣਾਂ ’ਚ ਕੁਝ ਮਹੀਨੇ ਬਾਕੀ ਰਹਿਣ ’ਤੇ ਭਾਜਪਾ ਨੂੰ ਚੁਣੌਤੀ ਦਿੰਦਿਆਂ ਕਿਸਾਨ ਆਗੂਆਂ ਨੇ ਮੁਜ਼ੱਫਰਨਗਰ ’ਚ ਸ਼ਕਤੀ ਪ੍ਰਦਰਸ਼ਨ ਕੀਤਾ। 29 ਅਕਤੂਬਰ ਨੂੰ ਪੁਲੀਸ ਨੇ ਗਾਜ਼ੀਪੁਰ ਹੱਦ ਤੋਂ ਅੜਿੱਕੇ ਹਟਾਉਣੇ ਸ਼ੁਰੂ ਕੀਤੇ ਅਤੇ ਅੱਜ 19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ। -ਪੀਟੀਆਈ