ਨਵੀਂ ਦਿੱਲੀ, 3 ਜੁਲਾਈ
ਭਾਰਤ ਵਿਚ ਅੱਜ ਕਰੋਨਾਵਾਇਰਸ ਲਾਗ ਦੇ 44,111 ਨਵੇਂ ਕੇਸ ਸਾਹਮਣੇ ਆਏ ਹਨ ਜਿਸ ਨਾਲ ਦੇਸ਼ ’ਚ ਕਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 3,05,02,362 ਹੋ ਗਈ ਹੈ ਜਦਕਿ ਪਿਛਲੇ 24 ਘੰਟਿਆਂ ਵਿਚ ਹੋਈਆਂ 738 ਮੌਤਾਂ ਨਾਲ ਕੁੱਲ ਮੌਤਾਂ ਦੀ ਗਿਣਤੀ 4,01,050 ’ਤੇ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਵਿਚ ਹੋਈਆਂ ਮੌਤਾਂ ਦੀ ਇਹ ਗਿਣਤੀ 86 ਦਿਨਾਂ ’ਚ ਸਭ ਤੋਂ ਘੱਟ ਹੈ। ਇਹ ਜਾਣਕਾਰੀ ਅੱਜ ਸਵੇਰੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਮਿਲੀ। ਦੇਸ਼ ਵਿਚ ਅੱਜ 97 ਦਿਨਾਂ ਬਾਅਦ ਐਕਟਿਵ ਕੇਸਾਂ ਦੀ ਗਿਣਤੀ ਪੰਜ ਲੱਖ ਤੋਂ ਘੱਟ 4,95,533 ਦਰਜ ਕੀਤੀ ਗਈ ਜੋ ਕਿ ਕੁੱਲ ਕੇਸਾਂ ਦਾ 1.62 ਫ਼ੀਸਦ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਦਰ ਸੁਧਰ ਕੇ 97.06 ਫ਼ੀਸਦ ਹੋ ਗਈ ਹੈ। ਇਸ ਤੋਂ ਇਲਾਵਾ ਕਰੋਨਾ ਦੇ ਰੋਜ਼ਾਨਾ ਦੇ ਕੇਸਾਂ ਦੀ ਪਾਜ਼ੇਟਿਵਿਟੀ ਦਰ 2.35 ਫ਼ੀਸਦ ਦਰਜ ਕੀਤੀ ਗਈ ਜੋ ਕਿ ਲਗਾਤਾਰ 26ਵੇਂ ਦਿਨ 5 ਫ਼ੀਸਦ ਤੋਂ ਘੱਟ ਰਹੀ। ਹਫ਼ਤਾਵਾਰੀ ਪਾਜ਼ੇਟਿਵਿਟੀ ਦਰ ਵੀ ਘਟ ਕੇ 2.50 ਫ਼ੀਸਦ ’ਤੇ ਪਹੁੰਚ ਗਈ ਹੈ। ਲਗਾਤਾਰ 51ਵੇਂ ਦਿਨ ਬਿਮਾਰੀ ਤੋਂ ਉੱਭਰ ਕੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਨਵੇਂ ਮਰੀਜ਼ਾਂ ਨਾਲੋਂ ਵੱਧ ਰਹੀ। ਹੁਣ ਤੱਕ 2,96,05,779 ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ ਮੌਤਾਂ ਦੀ ਦਰ 1.31 ਫ਼ੀਸਦ ਹੈ। ਦੇਸ਼ ਭਰ ਵਿਚ ਅੱਜ ਹੋਈਆਂ 738 ਮੌਤਾਂ ਵਿਚੋਂ ਸਭ ਤੋਂ ਮੌਤਾਂ ਵੱਧ 156 ਮਹਾਰਾਸ਼ਟਰ ’ਚ ਹੋਈਆਂ। ਉਸ ਤੋਂ ਬਾਅਦ ਕੇਰਲ ’ਚ 146, ਤਾਮਿਲਨਾਡੂ ’ਚ 97 ਅਤੇ ਕਰਨਾਟਕ ’ਚ ਕਰੋਨਾ ਕਾਰਨ 88 ਮੌਤਾਂ ਹੋਈਆਂ। -ਪੀਟੀਆਈ
‘ਕੋਵੀਸ਼ੀਲਡ’ ਨੇ ਅਜੇ ਯੂਰੋਪ ਵਿੱਚ ਮਨਜ਼ੂਰੀ ਲਈ ਨਹੀਂ ਦਿੱਤੀ ਅਰਜ਼ੀ
ਬਰੱਸਲਜ਼: ਕਰੋਨਾਵਾਇਰਸ ਟੀਕੇ ਦੀਆਂ ਪੂਰੀਆਂ ਖੁਰਾਕਾਂ (ਡੋਜ਼) ਲੈਣ ਵਾਲਿਆਂ ਲਈ ਯੂਰੋਪ ਆਪਣੇ ਦਰਵਾਜ਼ੇ ਖੋਲ੍ਹ ਰਿਹਾ ਹੈ, ਪਰ ਭਾਰਤ ਵਿਚ ਬਣੇ ਐਸਟਰਾਜ਼ੈਨੇਕਾ ਵੈਕਸੀਨ (ਕੋਵੀਸ਼ੀਲਡ) ਲਵਾਉਣ ਵਾਲਿਆਂ ਨੂੰ ਯੂਰੋਪ ਵਿਚ ਦਾਖਲ ਹੋਣ ਵਿਚ ਮੁਸ਼ਕਲ ਆ ਸਕਦੀ ਹੈ। ਜ਼ਿਕਰਯੋਗ ਹੈ ਕਿ ਯੂਰੋਪ ’ਚ ਬਣੇ ਐਸਟਰਾਜ਼ੈਨੇਕਾ ਵੈਕਸੀਨ ‘ਵੈਕਸਜ਼ੇਵਿਰਾ’ ਨੂੰ ਯੂਰੋਪੀਅਨ ਮੈਡੀਸਨ ਏਜੰਸੀ ਨੇ ਮਾਨਤਾ ਦੇ ਦਿੱਤੀ ਹੈ, ਪਰ ਕੋਵੀਸ਼ੀਲਡ ਦੇ ਭਾਰਤੀ ਰੂਪ ਨੇ ਹਾਲੇ ਤੱਕ ਮਾਨਤਾ ਲੈਣ ਲਈ ਬੇਨਤੀ ਹੀ ਨਹੀਂ ਕੀਤੀ। ਸਿਹਤ ਮਾਮਲਿਆਂ ਬਾਰੇ ਯੂਰੋਪੀਅਨ ਕਮਿਸ਼ਨ ਦੇ ਬੁਲਾਰੇ ਸਟੀਫਨ ਡੀ ਕੀਰਜ਼ਮੈਕੇਰ ਨੇ ਇਸ ਬਾਰੇ ਇਕ ਖ਼ਬਰ ਏਜੰਸੀ ਕੋਲ ਖੁਲਾਸਾ ਕੀਤਾ ਹੈ। ਯੂਕੇ ਜਿੱਥੇ ਐਸਟਰਾਜ਼ੈਨੇਕਾ ਵੱਡੀ ਗਿਣਤੀ ਵਿਚ ਲਾਇਆ ਗਿਆ ਹੈ, ਉੱਥੇ ਵੀ ਅਬਾਦੀ ਦੇ ਵੱਡੇ ਹਿੱਸੇ ਨੇ ਭਾਰਤ ਦੇ ਸੀਰਮ ਇੰਸਟੀਚਿਊਟ ਵਿਚ ਬਣਿਆ ਐਸਟਰਾਜ਼ੈਨੇਕਾ ਵੈਕਸੀਨ ਲਵਾਇਆ ਹੈ। ਪਰ ਬੀਸੀਸੀ ਦੀ ਰਿਪੋਰਟ ਮੁਤਾਬਕ ਭਾਰਤ ਤੋਂ ਜਿਹੜੀਆਂ 50 ਲੱਖ ਖੁਰਾਕਾਂ ਆਈਆਂ ਹਨ, ਉਨ੍ਹਾਂ ਨੂੰ ਇੱਥੇ ਕੋਵੀਸ਼ੀਲਡ ਨਹੀਂ ਕਿਹਾ ਜਾਂਦਾ। ਯੂਰੋਪੀ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਕਿ ‘ਕੋਵੀਸ਼ੀਲਡ’ ਜਦ ਚਾਹੇ ਮਨਜ਼ੂਰੀ ਲਈ ਬੇਨਤੀ ਕਰ ਸਕਦਾ ਹੈ। -ਆਈਏਐਨਐੱਸ