ਮੁੰਬਈ, 3 ਜੁਲਾਈ
ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 71 ਸਾਲਾਂ ਦੇ ਸੀ। ਤਿੰਨ ਵਾਰ ਕੌਮੀ ਪੁਰਸਕਾਰ ਜਿੱਤ ਚੁੱਕੀ ਸਰੋਜ ਖਾਨ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੀ ਸੀ। ਸਾਹ ਲੈਣ ’ਚ ਤਕਲੀਫ ਤੋਂ ਬਾਅਦ ਲੰਘੇ ਸ਼ਨਿੱਚਰਵਾਰ ਨੂੰ ਉਨ੍ਹਾਂ ਨੂੰ ਬਾਂਦਰਾ ਦੇ ਗੁਰੂ ਨਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉੱਥੇ ਉਨ੍ਹਾਂ ਦੀ ਕੋਵਿਡ-19 ਦੀ ਜਾਂਚ ਵੀ ਕੀਤੀ ਗਈ ਪਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਸੀ। ਉਨ੍ਹਾਂ ਦੇ ਰਿਸ਼ਤੇਦਾਰ ਮਨੀਸ਼ ਜਗਵਾਨੀ ਨੇ ਦੱਸਿਆ ਕਿ ਦੇਰ ਰਾਤ ਕਰੀਬ ਢਾਈ ਵਜੇ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ’ਚ ਉਨ੍ਹਾਂ ਦੀ ਮੌਤ ਹੋ ਗਈ। ਨੀਮ ਸ਼ਹਿਰੀ ਇਲਾਕੇ ਮਲਾਡ ਦੇ ਇੱਕ ਕਬਰਿਸਤਾਨ ’ਚ ਅੱਜ ਸਵੇਰੇ ਹੀ ਉਨ੍ਹਾਂ ਨੂੰ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਉਨ੍ਹਾਂ ਦੀ ਧੀ ਸੁਕੈਨਾ ਖਾਨ ਨੇ ਦੱਸਿਆ ਕਿ ਅੱਜ ਸਵੇਰੇ ਸੱਤ ਵਜੇ ਦੇ ਕਰੀਬ ਉਨ੍ਹਾਂ ਨੂੰ ਸਪੁਰਦ-ਏ-ਖਾਕ ਕੀਤਾ ਗਿਆ ਹੈ। ਉਨ੍ਹਾਂ ਨਮਿਤ ਪ੍ਰਾਰਥਨਾ ਸਭਾ ਤਿੰਨ ਦਿਨ ਬਾਅਦ ਰੱਖੀ ਜਾਵੇਗੀ। ਬੌਲੀਵੁੱਡ ਦੀਆਂ ਕਈ ਹਸਤੀਆਂ ਨੇ ਕੋਰੀਓਗ੍ਰਾਫਰ ਸਰੋਜ ਖਾਨ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ। ਸਰੋਜ ਖਾਨ ਨੇ ਆਪਣੇ ਚਾਰ ਦਹਾਕਿਆਂ ਦੇ ਕਰੀਅਰ ’ਚ ਦੋ ਹਜ਼ਾਰ ਤੋਂ ਵੱਧ ਗੀਤਾਂ ’ਤੇ ਕੋਰੀਓਗ੍ਰਾਫੀ ਕੀਤੀ। ਉਨ੍ਹਾਂ 80 ਤੋਂ 90 ਦੇ ਦਹਾਕੇ ’ਚ ਆਪਣਾ ਸਰਵੋਤਮ ਕੰਮ ਅਦਾਕਾਰਾ ਸ੍ਰੀਦੇਵੀ ਤੇ ਮਾਧੁਰੀ ਦੀਕਸ਼ਿਤ ਨਾਲ ਕੀਤਾ।
-ਪੀਟੀਆਈ
ਬਾਲ ਕਲਾਕਾਰ ਵਜੋਂ ਕੀਤੀ ਸ਼ੁਰੂਆਤ
ਸਰੋਜ ਖਾਨ ਦਾ ਪਰਿਵਾਰ ਦੇਸ਼ ਵੰਡ ਤੋਂ ਬਾਅਦ ਭਾਰਤ ਆ ਗਿਆ ਸੀ। ਉਨ੍ਹਾਂ ਬਤੌਰ ਬਾਲ ਕਲਾਕਾਰ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਪਰ ਬਾਅਦ ’ਚ ਪਿੱਠਵਰਤੀ ਡਾਂਸਰ ਵਜੋਂ ਕੰਮ ਕਰਨ ਲੱਗੀ। ਪਹਿਲਾਂ ਸਰੋਜ ਖਾਨ ਦਾ ਨਾਂ ਨਿਰਮਲਾ ਸੀ ਪਰ ਇਸਲਾਮ ਧਰਮ ਅਪਣਾਉਣ ਮਗਰੋਂ ਉਨ੍ਹਾਂ ਆਪਣਾ ਨਾਂ ਬਦਲ ਲਿਆ। ਕੋਰੀਓਗ੍ਰਾਫਰ ਬੀ ਸੋਹਨਲਾਲ ਤੋਂ ਨ੍ਰਿਤ ਸਿਖਦਿਆਂ 13 ਸਾਲ ਦੀ ਉਮਰ ’ਚ ਹੀ ਸਰੋਜ ਖਾਨ ਨੇ ਉਨ੍ਹਾਂ ਨਾਲ ਵਿਆਹ ਕਰ ਲਿਆ। ਉਸ ਸਮੇਂ ਸੋਹਨਲਾਲ ਦੀ ਊਮਰ 41 ਸਾਲ ਸੀ ਤੇ ਇਹ ਉਨ੍ਹਾਂ ਦੂਜਾ ਵਿਆਹ ਸੀ। ਉਨ੍ਹਾਂ 1974 ’ਚ ਫਿਲਮ ‘ਗੀਤਾ ਮੇਰਾ ਨਾਮ’ ਰਾਹੀਂ ਕੋਰੀਓਗ੍ਰਾਫੀ ਕਰੀਅਰ ਦੀ ਸ਼ੁਰੂਆਤ ਕੀਤੀ ਪਰ ਉਨ੍ਹਾਂ ਨੂੰ ਪਛਾਣ ਸ੍ਰੀਦੇਵੀ ਦੇ ਗੀਤ ‘ਹਵਾ ਹਵਾਈ’ ਤੋਂ ਮਿਲੀ। ਉਨ੍ਹਾਂ ਸ੍ਰੀਦੇਵੀ ਲਈ ਫਿਲਮ ‘ਨਗੀਨਾ’ ਤੇ ‘ਚਾਂਦਨੀ’ ਦੇ ਗੀਤਾਂ ਦੀ ਕੋਰੀਓਗ੍ਰਾਫੀ ਵੀ ਕੀਤੀ। ਸਰੋਜ ਖਾਨ ਨੂੰ ਸਭ ਤੋਂ ਵੱਧ ਪ੍ਰਸਿੱਧੀ ਮਾਧੁਰੀ ਦੀਕਸ਼ਿਤ ਦੇ ਗੀਤਾਂ ‘ਏਕ ਦੋ ਤੀਨ’, ‘ਤਮਾ ਤਮਾ ਲੋਗੇ’, ‘ਡੋਲਾ ਰੇ ਡੋਲਾ’ ਆਦਿ ਤੋਂ ਮਿਲੀ। ਖਾਨ ਨੇ ਆਖਰੀ ਵਾਰੀ 2019 ’ਚ ਆਈ ਫਿਲਮ ‘ਕਲੰਕ’ ’ਚ ਮਾਧੁਰੀ ਦੀਕਸ਼ਿਤ ਲਈ ਹੀ ਗੀਤ ‘ਤਬਾਹ ਹੋ ਗਏ’ ਦੀ ਕੋਰੀਓਗ੍ਰਾਫੀ ਕੀਤੀ ਸੀ।