ਜੋਗਿੰਦਰ ਸਿੰਘ ਮਾਨ
ਮਾਨਸਾ, 5 ਸਤੰਬਰ
ਮਾਲਵਾ ਪੱਟੀ ਵਿਚ ਬੀਟੀ ਕਾਟਨ ਉਪਰ ਗੁਲਾਬੀ ਸੁੰਡੀ ਦਾ ਹਮਲਾ ਹੋ ਗਿਆ ਹੈ, ਜਿਸ ਤੋਂ ਘਬਰਾਕੇ ਕੁੱਝ ਕਿਸਾਨਾਂ ਨੇ ਆਪਣੀ ਫ਼ਸਲ ਦੇ ਬਚਾਅ ਲਈ ਸਪਰੇਆਂ ਕਰਨੀਆਂ ਵੀ ਆਰੰਭ ਕਰ ਦਿੱਤੀਆਂ ਹਨ। ਖੇਤੀਬਾੜੀ ਵਿਭਾਗ ਨੇ ਇਸ ਹਮਲੇ ਨੂੰ ਸਵੀਕਾਰ ਕੀਤਾ ਹੈ ਅਤੇ ਮਹਿਕਮੇ ਦੇ ਡਾਇਰੈਕਟਰ ਡਾ. ਸੁਖਦੇਵ ਸਿੰਘ ਸਿੱਧੂ ਵੱਲੋਂ 6 ਸਤੰਬਰ ਤੋਂ ਹੀ ਜ਼ਿਲ੍ਹਾ ਖੇਤੀ ਅਫ਼ਸਰਾਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ਦੇ ਹਰ ਪਿੰਡ ਵਿੱਚ ਵਿਸ਼ੇਸ ਕੈਂਪ ਆਰੰਭ ਕਰਨ ਦੇ ਸਖ਼ਤ ਆਦੇਸ਼ ਦਿੱਤੇ ਹਨ।
ਭਾਵੇਂ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਵੱਲੋਂ ਕਪਾਹ ਪੱਟੀ ਵਿੱਚ ਬੀਟੀ ਕਾਟਨ ਉਤੇ ਗੁਲਾਬੀ ਸੁੰਡੀ ਦੇ ਹਮਲੇ ਨੂੰ ਮਾਮੂਲੀ ਦੱਸਿਆ ਗਿਆ ਸੀ ਪਰ ਪਿਛਲੇ ਚਾਰ ਦਿਨਾਂ ਤੋਂ ਇਸ ਸੁੰਡੀ ਨੇ ਨਰਮੇ ਦੇ ਫੁੱਲਾਂ ਨੂੰ ਚੱਟਕੇ ਰੱਖ ਦਿੱਤਾ ਹੈ ਅਤੇ ਨਰਮ ਟਿੰਡਿਆਂ ਵਿੱਚ ਮੋਰੀਆਂ ਕਰ ਦੇਣ ਦੇ ਮਾਮਲੇ ਖੇਤਾਂ ਵਿੱਚ ਸ਼ਰੇਆਮ ਸਾਹਮਣੇ ਆਉਣ ਲੱਗੇ ਹਨ। ਇਸ ਹਮਲੇ ਨਾਲ ਚਿੱਟਾ ਸੋਨਾ ਕਾਲਾ ਹੋਣ ਲੱਗਿਆ ਹੈ। ਖੇਤੀਬਾੜੀ ਮਹਿਕਮੇ ਦੇ ਜ਼ਿਲ੍ਹਾ ਅਫ਼ਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਜੁਲਾਈ ਤੋਂ ਅਕਤੂਬਰ ਮਹੀਨੇ ਦੌਰਾਨ ਕਈ ਪ੍ਰਕਾਰ ਦੀਆਂ ਸੁੰਡੀਆਂ ਕਦੀ-ਕਦਾਈਂ ਪ੍ਰਗਟ ਹੋਕੇ ਨਰਮੇ ਦੀ ਫ਼ਸਲ ਦਾ ਨੁਕਸਾਨ ਕਰਦੀਆਂ ਹਨ ਅਤੇ ਹੁਣ ਜਿਸ ਰੂਪ ਵਿੱਚ ਗੁਲਾਬੀ ਸੁੰਡੀ ਵੱਲੋਂ ਫ਼ਸਲ ’ਤੇ ਹਮਲਾ ਕਰਨ ਦੇ ਮਾਮਲੇ ਕਿਸਾਨਾਂ ਵੱਲੋਂ ਖੇਤੀ ਅਧਿਕਾਰੀਆਂ ਨੂੰ ਵਿਖਾਏ ਗਏ ਹਨ, ਉਸ ਨੂੰ ਗੰਭੀਰਤਾ ਨਾਲ ਲੈ ਕੇ ਮਹਿਕਮੇ ਨੇ ਕੱਲ੍ਹ ਤੋਂ ਪਿੰਡਾਂ ਵਿੱਚ ਵਿਸ਼ੇਸ ਕੈਂਪ ਲਾਉਣ ਦੀ ਮੁਹਿੰਮ ਆਰੰਭ ਕੀਤੀ ਗਈ ਹੈ।