ਕੋਲਕਾਤਾ, 4 ਸਤੰਬਰ
ਸੀਬੀਆਈ ਨੇ ਅੱਜ ਪੱਛਮੀ ਬੰਗਾਲ ਵਿਚ ਛੇ ਥਾਵਾਂ ਉਤੇ ਛਾਪੇ ਮਾਰੇ ਹਨ। ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਵਿਧਾਇਕ ਸੁਬੋਧ ਅਧਿਕਾਰੀ ਤੇ ਉਨ੍ਹਾਂ ਦੇ ਭਰਾ ਦੇ ਟਿਕਾਣਿਆਂ ਉਤੇ ਵੀ ਛਾਪੇ ਮਾਰੇ ਗਏ ਹਨ। ਇਹ ਛਾਪੇ ਚਿੱਟ ਫੰਡ ਕੇਸ ਨਾਲ ਜੁੜੇ ਹੋਏ ਹਨ। ਏਜੰਸੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਿਜਪੁਰ ਦੇ ਵਿਧਾਇਕ ਸੁਬੋਧ ਦੇ ਘਰ ਤੇ ਦਫ਼ਤਰ ਅਤੇ ਉਸ ਦੇ ਭਰਾ ਕਮਲ ਅਧਿਕਾਰੀ ਦੇ ਫਲੈਟ ਉਤੇ ਇਕੋ ਵੇਲੇ ਛਾਪਾ ਮਾਰਿਆ ਗਿਆ। ਕਮਲ ਅਧਿਕਾਰੀ ਕਾਂਚਰਾਪਾੜਾ ਸ਼ਹਿਰ ਦੀ ਕੌਂਸਲ ਦੇ ਚੇਅਰਮੈਨ ਹਨ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਸੀਬੀਆਈ ਨੇ ਟੀਐਮਸੀ ਆਗੂ ਰਾਜੂ ਸਾਹਨੀ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਕਿ ਕੋਲਕਾਤਾ ਨੇੜਲੇ ਹਾਲੀਸਹਿਰ ਨਿਗਮ ਦੇ ਚੇਅਰਮੈਨ ਹਨ। ਉਨ੍ਹਾਂ ਨੂੰ ਵੀ ਚਿੱਟ ਫੰਡ ਨਾਲ ਜੁੜੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਏਜੰਸੀ ਨੂੰ ਸਾਹਨੀ ਦੇ ਘਰੋਂ 80 ਲੱਖ ਰੁਪਏ ਨਗਦ, ਇਕ ਪਿਸਤੌਲ ਤੇ 2.75 ਕਰੋੜ ਰੁਪਏ ਦੀ ਜਾਇਦਾਦ ਦੇ ਕਾਗਜ਼ ਵੀ ਮਿਲੇ ਹਨ। ਸੀਬੀਆਈ ਅਧਿਕਾਰੀਆਂ ਨੇ ਦਿਨ ਵਿਚ ਉੱਤਰੀ 24 ਪਰਗਣਾ ਜ਼ਿਲ੍ਹੇ ਦੀਆਂ ਚਾਰ ਥਾਵਾਂ ਉਤੇ ਛਾਪੇ ਮਾਰੇ ਜਿਨ੍ਹਾਂ ਵਿਚ ਅਧਿਕਾਰੀ ਭਰਾਵਾਂ ਦਾ ਜੱਦੀ ਘਰ ਵੀ ਸ਼ਾਮਲ ਹੈ। ਉਨ੍ਹਾਂ ਦੀ ਵਰਤਮਾਨ ਰਿਹਾਇਸ਼ ਉਤੇ ਵੀ ਛਾਪਾ ਮਾਰਿਆ ਗਿਆ। ਏਜੰਸੀ ਨੇ ਵਿਧਾਇਕ ਦੇ ਨਿੱਜੀ ਸਹਾਇਕ ਦੇ ਘਰ ਵੀ ਛਾਪਾ ਮਾਰਿਆ ਹੈ। ਵਿਧਾਇਕ ਦੀਆਂ ਕੋਲਕਾਤਾ ਦੇ ਲੇਕ ਟਾਊਨ ਤੇ ਪਾਇਕਪਾੜਾ ਸਥਿਤ ਰਿਹਾਇਸ਼ਾਂ ਦੀ ਵੀ ਸੀਬੀਆਈ ਨੇ ਜਾਂਚ-ਪੜਤਾਲ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਕਮਲ ਅਧਿਕਾਰੀ ਨੇ ਮੰਨਿਆ ਕਿ ਸਾਹਨੀ ਉਸ ਦਾ ਦੋਸਤ ਹੈ ਤੇ ਉਹ ਗ੍ਰਿਫ਼ਤਾਰ ਆਗੂ ਵੱਲੋਂ ਕੀਤੇ ਗਏ ਵਿੱਤੀ ਲੈਣ-ਦੇਣ ਬਾਰੇ ਕੁਝ ਨਹੀਂ ਜਾਣਦਾ। ਅਧਿਕਾਰੀ ਨੇ ਕਿਹਾ ਕਿ ਉਸ ਨੂੰ ਸਿਆਸੀ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਗਿਆ ਹੈ। ਕਮਲ ਅਧਿਕਾਰੀ ਨੇ ਕਿਹਾ ਕਿ ਉਹ ਜਾਂਚ ਵਿਚ ਸਹਿਯੋਗ ਕਰੇਗਾ। -ਪੀਟੀਆਈ
ਸੀਬੀਆਈ ਨੇ ‘ਭ੍ਰਿਸ਼ਟ’ ਟੀਐਮਸੀ ਆਗੂਆਂ ’ਤੇ ਨਕੇਲ ਕੱਸੀ: ਭਾਜਪਾ
ਟੀਐਮਸੀ ਨੇ ਦੋਸ਼ ਲਾਇਆ ਹੈ ਕਿ ਭਾਜਪਾ ਸੀਬੀਆਈ ਦੀ ਵਰਤੋਂ ਪਾਰਟੀ ਦੇ ਆਗੂਆਂ ਖ਼ਿਲਾਫ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਭਗਵਾਂ ਕੈਂਪ ਟੀਐਮਸੀ ਦੇ ਆਗੂਆਂ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਉਨ੍ਹਾਂ ਨੂੰ ਨਿਆਂਪਾਲਿਕਾ ਵਿਚ ਭਰੋਸਾ ਹੈ। ਜਦਕਿ ਭਾਜਪਾ ਦੇ ਬੁਲਾਰੇ ਸਮੀਕ ਭੱਟਾਚਾਰੀਆ ਨੇ ਕਿਹਾ ਕਿ ਸੀਬੀਆਈ ਨੇ ‘ਭ੍ਰਿਸ਼ਟ’ ਟੀਐਮਸੀ ਆਗੂਆਂ ’ਤੇ ਨਕੇਲ ਕੱਸੀ ਹੈ, ਇਸੇ ਲਈ ਹੁਣ ਤ੍ਰਿਣਮੂਲ ਕਾਂਗਰਸ, ਭਾਜਪਾ ’ਤੇ ਅਜਿਹੇ ਇਲਜ਼ਾਮ ਲਾ ਰਹੀ ਹੈ। -ਪੀਟੀਆਈ