ਨਵੀਂ ਦਿੱਲੀ, 7 ਮਾਰਚ
ਸੰਚਾਰ ਉਪਕਰਨ ਬਣਾਉਣ ਵਾਲੀ ਚੀਨ ਦੀ ਕੰਪਨੀ ‘ਵਾਹਵੇ’ ਨੂੰ ‘ਭਾਰਤੀ ਏਅਰਟੈੱਲ’ ਵੱਲੋਂ ਕੰਮ ਲਈ ਠੇਕਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਚੀਨੀ ਕੰਪਨੀਆਂ ਇਸ ਵੇਲੇ ਭਾਰਤ ਸਰਕਾਰ ਦੀ ਸਖ਼ਤ ਨਿਗਰਾਨੀ ਹੇਠ ਹਨ। ‘ਵਾਹਵੇ’, ਜ਼ੈੱਡਟੀਈ ਉਨ੍ਹਾਂ ਚੀਨੀ ਕੰਪਨੀਆਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਸਰਕਾਰ ਨੇ ਸੰਚਾਰ ਉਪਕਰਨਾਂ ਤੇ 5ਜੀ ਦੀ ਪਰਖ਼ ਤੋਂ ਬਾਹਰ ਰੱਖਣ ਦਾ ਸੰਕੇਤ ਦਿੱਤਾ ਹੈ। ਭਾਰਤ ਸਰਕਾਰ ਕੰਪਨੀਆਂ ਦੇ ਵਰਗੀਕਰਨ ਦੀ ਯੋਜਨਾ ਵੀ ਬਣਾ ਰਹੀ ਹੈ। ਸੰਚਾਰ ਉਪਕਰਨ ਬਣਾਉਣ ਵਾਲੀਆਂ ਚੀਨੀ ਕੰਪਨੀਆਂ ਖ਼ਿਲਾਫ਼ ਪਹਿਲਾਂ ਹੀ ਵਿਸ਼ਵ ਪੱਧਰ ਉਤੇ ਕਈ ਤਰ੍ਹਾਂ ਦੇ ਖ਼ਦਸ਼ੇ ਜ਼ਾਹਿਰ ਕੀਤੇ ਜਾ ਚੁੱਕੇ ਹਨ। ‘ਵਾਹਵੇ’ ਪਹਿਲਾਂ ਹੀ ਏਅਰਟੈੱਲ ਦਾ ਲੰਮੀ ਦੂਰੀ ਦਾ ਨੈੱਟਵਰਕ ਦੇਖ ਰਹੀ ਹੈ ਤੇ ਨਵਾਂ ਸੌਦਾ ਇਸੇ ਨਾਲ ਜੁੜਿਆ ਹੋਇਆ ਹੈ। ਕੁਝ ਰਿਪੋਰਟਾਂ ਮੁਤਾਬਕ ਇਸ ਸੌਦੇ ਨਾਲ ਚੀਨੀ ਕੰਪਨੀ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਕੁਝ ਸਮੇਂ ਤੋਂ ਕੰਪਨੀ ਨੂੰ ਭਾਰਤ ਤੋਂ ਕੋਈ ਕੰਮ ਨਹੀਂ ਮਿਲ ਰਿਹਾ ਸੀ। ਚੀਨ ਨਾਲ ਸਰਹੱਦੀ ਵਿਵਾਦ ਹੋਣ ਕਾਰਨ ਭਾਰਤ ਵੱਲੋਂ ਕਈ ਵਪਾਰਕ ਸਬੰਧ ਤੋੜ ਲਏ ਗਏ ਸਨ ਅਤੇ ਹਾਲ ਦੇ ਦਿਨਾਂ ’ਚ ਇਹ ਵੱਡਾ ਸੌਦਾ ਹੋਇਆ ਹੈ। -ਆਈਏਐਨਐੱਸ