ਪੇਈਚਿੰਗ, 9 ਨਵੰਬਰ
ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਭਾਰਤ ਵੱਲੋਂ ਅਫਗਾਨਿਸਤਾਨ ਬਾਰੇ ਸੱਦੀ ਸੁਰੱਖਿਆ ਮੀਟਿੰਗ ਵਿੱਚ ਪਹਿਲਾਂ ਤੋਂ ਤੈਅ ਪ੍ਰੋਗਰਾਮਾਂ ਕਾਰਨ ਸ਼ਾਮਲ ਨਹੀਂ ਹੋ ਸਕੇਗਾ। ਭਾਰਤ ਬੁੱਧਵਾਰ ਨੂੰ ਇਸ ਮੀਟਿੰਗ ਦੀ ਮੇਜ਼ਬਾਨੀ ਕਰੇਗਾ, ਜਿਸ ਵਿੱਚ ਰੂਸ, ਈਰਾਨ ਅਤੇ ਪੰਜ ਮੱਧ ਏਸ਼ਿਆਈ ਦੇਸ਼ਾਂ ਦੇ ਉੱਚ ਸੁਰੱਖਿਆ ਅਧਿਕਾਰੀ ਹਿੱਸਾ ਲੈ ਰਹੇ ਹਨ। ਮੀਟਿੰਗ ਵਿੱਚ ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅੱਤਿਵਾਦ, ਕੱਟੜਪੰਥੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਧਦੇ ਖਤਰਿਆਂ ਸਬੰਧੀ ਵਿਹਾਰਕ ਸਹਿਯੋਗ ਲਈ ਸਾਂਝੀ ਪਹੁੰਚ ਅਪਣਾਉਣ ’ਤੇ ਚਰਚਾ ਕੀਤੀ ਜਾਵੇਗੀ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ‘ਅਫਗਾਨਿਸਤਾਨ ਬਾਰੇ ਦਿੱਲੀ ਖੇਤਰੀ ਸੁਰੱਖਿਆ ਸੰਵਾਦ’ ਵਿੱਚ ਚੀਨ ਦੇ ਸ਼ਾਮਲ ਨਾ ਹੋਣ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਪਹਿਲਾਂ ਤੋਂ ਤੈਅ ਪ੍ਰੋਗਰਾਮ ਕਾਰਨ ਚੀਨ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇਗਾ। -ਏਜੰਸੀ