ਨਵੀਂ ਦਿੱਲੀ/ਪੇਈਚਿੰਗ, 7 ਜੁਲਾਈ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬਾਲੀ ’ਚ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਮੁਲਾਕਾਤ ਕਰਕੇ ਪੂਰਬੀ ਲੱਦਾਖ ’ਚ ਬਕਾਇਆ ਪਏ ਸਾਰੇ ਮੁੱਦਿਆਂ ਦਾ ਫੌਰੀ ਹੱਲ ਕੱਢਣ ’ਤੇ ਜ਼ੋਰ ਦਿੱਤਾ। ਜੀ-20 ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੇ ਸੰਮੇਲਨ ਦੌਰਾਨ ਹੋਈ ਇਕ ਘੰਟੇ ਦੀ ਮੁਲਾਕਾਤ ’ਚ ਜੈਸ਼ੰਕਰ ਨੇ ਆਪਣੇ ਚੀਨੀ ਹਮਰੁਤਬਾ ਨੂੰ ਇਹ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਦੁਵੱਲੇ ਸਬੰਧ ਆਪਸੀ ਸਤਿਕਾਰ, ਸੰਵੇਦਨਸ਼ੀਲਤਾ ਅਤੇ ਹਿੱਤਾਂ ’ਤੇ ਆਧਾਰਿਤ ਹੋਣੇ ਚਾਹੀਦੇ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜੈਸ਼ੰਕਰ ਨੇ ਦੁਵੱਲੇ ਸਮਝੌਤਿਆਂ ਅਤੇ ਪ੍ਰੋਟੋਕੋਲ ਦੇ ਪੂਰੀ ਤਰ੍ਹਾਂ ਪਾਲਣ ਦੀ ਅਹਿਮੀਅਤ ਦੁਹਰਾਈ ਹੈ। ਦੋਵੇਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਇਹ 24-25 ਮਾਰਚ ਤੋਂ ਬਾਅਦ ਪਹਿਲੀ ਮੀਟਿੰਗ ਹੈ। ਇਸ ਦੌਰਾਨ ਚੀਨ ਨੇ ਕਿਹਾ ਕਿ ਸਰਹੱਦ ’ਤੇ ਹਾਲਾਤ ਸਥਿਰ ਹਨ ਅਤੇ ਦੋਵੇਂ ਮੁਲਕ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਤੇ ਸਥਿਰਤਾ ਚਾਹੁੰਦੇ ਹਨ। ਗੱਲਬਾਤ ਦੌਰਾਨ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਾਓ ਲਿਜੀਆਨ ਤੋਂ ਜਦੋਂ ਜੈਸ਼ੰਕਰ-ਵਾਂਗ ਵਾਰਤਾ ਬਾਰੇ ਵੇਰਵੇ ਮੰਗੇ ਗਏ ਤਾਂ ਉਨ੍ਹਾਂ ਕਿਹਾ ਕਿ ਚੀਨ ਨੇ ਜੈਸ਼ੰਕਰ ਦੀ ਪ੍ਰੈੱਸ ਕਾਨਫਰੰਸ ਸਬੰਧੀ ਰਿਪੋਰਟਾਂ ਦਾ ਨੋਟਿਸ ਲਿਆ ਹੈ। ‘ਮੈਂ ਸਿਰਫ਼ ਇੰਨਾ ਆਖ ਸਕਦਾ ਹਾਂ ਕਿ ਭਾਰਤ-ਚੀਨ ਸਰਹੱਦੀ ਇਲਾਕੇ ’ਚ ਹਾਲਾਤ ਸਥਿਰ ਹਨ।’ ਉਸ ਨੇ ਕਿਹਾ ਕਿ ਪੱਛਮੀ ਸੈਕਟਰ ’ਚ ਬਰਾਬਰੀ ਅਤੇ ਸੁਰੱਖਿਆ ਦੇ ਸਿਧਾਂਤਾਂ ’ਤੇ ਸਰਹੱਦੀ ਵਿਵਾਦਾਂ ਦਾ ਨਬਿੇੜਾ ਹੋਣਾ ਚਾਹੀਦਾ ਹੈ। ਜੈਸ਼ੰਕਰ ਨੇ ਵਾਂਗ ਨਾਲ ਮਾਰਚ ’ਚ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਸਮੇਤ ਹੋਰ ਅਹਿਮ ਮੁੱਦਿਆਂ ਦੀ ਪ੍ਰਗਤੀ ਬਾਰੇ ਵੀ ਨਜ਼ਰਸਾਨੀ ਕੀਤੀ। ਜੈਸ਼ੰਕਰ ਨੇ ਟਵੀਟ ਕਰਕੇ ਦੱਸਿਆ ਕਿ ਹਜ਼ਾਰਾਂ ਭਾਰਤੀ ਵਿਦਿਆਰਥੀ ਦੋ ਸਾਲਾਂ ਤੋਂ ਪੇਈਚਿੰਗ ’ਚ ਕੋਵਿਡ ਪਾਬੰਦੀਆਂ ਕਾਰਨ ਫਸੇ ਹੋਏ ਹਨ। ਦੋਵੇਂ ਮੁਲਕਾਂ ਵਿਚਕਾਰ ਸਿੱਧੀਆਂ ਉਡਾਣਾਂ ਬਹਾਲ ਕਰਨ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ ਹੈ। ਦੋਵੇਂ ਮੰਤਰੀਆਂ ਨੇ ਹੋਰ ਖੇਤਰੀ ਅਤੇ ਆਲਮੀ ਘਟਨਾਵਾਂ ਦੇ ਪਰਿਪੇਖ ’ਚ ਵੀ ਆਪਣੇ ਵਿਚਾਰ ਸਾਂਝੇ ਕੀਤੇ। ਚੀਨੀ ਵਿਦੇਸ਼ ਮੰਤਰੀ ਨੇ ਭਾਰਤ ਵੱਲੋਂ ਬਰਿਕਸ ਦੀ ਚੇਅਰਮੈਨੀ ਲਈ ਚੀਨ ਨੂੰ ਹਮਾਇਤ ਦੇਣ ਦੀ ਸ਼ਲਾਘਾ ਕੀਤੀ। -ਪੀਟੀਆਈ
ਜੈਸ਼ੰਕਰ ਨੇ ਕਈ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਗੱਲਬਾਤ
ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬਾਲੀ ’ਚ ਜੀ-20 ਸੰਮੇਲਨ ਦੌਰਾਨ ਯੂਰੋਪੀਅਨ ਯੂਨੀਅਨ, ਇੰਡੋਨੇਸ਼ੀਆ, ਮੈਕਸਿਕੋ, ਅਰਜਨਟੀਨਾ, ਦੱਖਣੀ ਅਫ਼ਰੀਕਾ ਅਤੇ ਸੈਨੇਗਲ ਦੇ ਆਪਣੇ ਹਮਰੁਤਬਾ ਨਾਲ ਵੱਖ ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ। ਵਾਰਤਾ ਦਾ ਮੁੱਖ ਧੁਰਾ ਦੁਨੀਆ ’ਚ ਤੇਜ਼ੀ ਨਾਲ ਵਾਪਰ ਰਹੇ ਘਟਨਾਕ੍ਰਮ ਤਹਿਤ ਆਪਸੀ ਸਹਿਯੋਗ ਨੂੰ ਹੋਰ ਵਧਾਉਣਾ ਸੀ। ਵਿਦੇਸ਼ ਮੰਤਰੀ ਨੇ ਫਿਜੀ ਦੇ ਪ੍ਰਧਾਨ ਮੰਤਰੀ ਫਰੈਂਕ ਬੈਨੀਮਰਾਮਾ ਨਾਲ ਵੀ ਮੁਲਾਕਾਤ ਕੀਤੀ ਅਤੇ ਭਾਰਤ ਵੱਲੋਂ ਫਿਜੀ ’ਚ ਚਲਾਏ ਜਾ ਰਹੇ ਵਿਕਾਸ ਕਾਰਜਾਂ ਦੀ ਨਜ਼ਰਸਾਨੀ ਕੀਤੀ। ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਰੇਟਨੋ ਮਾਰਸੁਦੀ ਨਾਲ ਮੁਲਾਕਾਤ ਦੌਰਾਨ ਜੈਸ਼ੰਕਰ ਨੇ ਕਿਹਾ ਕਿ ਭਾਰਤ ਜੀ-20 ਦੀ ਅਗਵਾਈ ਲਈ ਇੰਡੋਨੇਸ਼ੀਆ ਦੀ ਹਮਾਇਤ ਕਰਦਾ ਹੈ। ਜੈਸ਼ੰਕਰ ਅਤੇ ਯੂਰੋਪੀਅਨ ਯੂਨੀਅਨ ਦੇ ਵਿਦੇਸ਼ ਮਾਮਲਿਆਂ ਬਾਰੇ ਮੁਖੀ ਜੋਸੇਪ ਬੋਰੈੱਲ ਵਿਚਕਾਰ ਹੋਈ ਗੱਲਬਾਤ ਯੂਕਰੇਨ-ਰੂਸ ਜੰਗ ’ਤੇ ਕੇਂਦਰਿਤ ਰਹੀ। ਉਨ੍ਹਾਂ ਜੰਗ ਦੇ ਦੁਨੀਆ ’ਤੇ ਪੈ ਰਹੇ ਮਾੜੇ ਅਸਰ ਬਾਰੇ ਚਰਚਾ ਕੀਤੀ। ਭਾਰਤ ਅਤੇ ਯੂਰੋਪੀਅਨ ਯੂਨੀਅਨ ਵਿਚਕਾਰ ਲੰਬੇ ਸਮੇਂ ਤੋਂ ਬਕਾਇਆ ਪਏ ਮੁਕਤ ਵਪਾਰ ਸਮਝੌਤੇ ਬਾਰੇ ਵੀ ਗੱਲਬਾਤ ਸ਼ੁਰੂ ਕਰਨ ਬਾਰੇ ਵਿਚਾਰਾਂ ਕੀਤੀਆਂ ਗਈਆਂ। ਦੋਵੇਂ ਆਗੂਆਂ ਨੇ ਯੂਕਰੇਨ ਜੰਗ ਕਾਰਨ ਪੈਦਾ ਹੋਏ ਆਲਮੀ ਖੁਰਾਕ ਅਤੇ ਊਰਜਾ ਸੰਕਟ ਬਾਰੇ ਵੀ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ। -ਪੀਟੀਆਈ