ਪੇਈਚਿੰਗ/ਨਵੀਂ ਦਿੱਲੀ, 31 ਦਸੰਬਰ
ਮੁੱਖ ਅੰਸ਼
- ਅਰੁਣਾਚਲ ਨੂੰ ਆਪਣੇ ਕਬਜ਼ੇ ਵਾਲੇ ਤਿੱਬਤ ਦਾ ਦੱਖਣੀ ਹਿੱਸਾ ਦੱਸਿਆ
ਚੀਨ ਨੇ ਭਾਰਤ ਦੇ ਉੱਤਰ-ਪੂਰਬੀ ਸੂਬੇ ਅਰੁਣਾਚਲ ਪ੍ਰਦੇਸ਼ ਦੀਆਂ 15 ਹੋਰ ਥਾਵਾਂ ਦਾ ਨਾਂ ਆਪਣੇ ਪੱਧਰ ਉਤੇ ਬਦਲ ਦੇਣ ਨੂੰ ਜਾਇਜ਼ ਦੱਸਦਿਆਂ ਦਾਅਵਾ ਕੀਤਾ ਹੈ ਕਿ ਤਿੱਬਤ ਦਾ ਇਹ ਦੱਖਣੀ ਹਿੱਸਾ ਉਸ ਦਾ ‘ ਪ੍ਰਾਚੀਨ ਕਾਲ ਤੋਂ ਅਟੁੱਟ ਅੰਗ’ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਵੀਰਵਾਰ ਅਰੁਣਾਚਲ ਦੀਆਂ 15 ਥਾਵਾਂ ਦਾ ਨਾਂ ਚੀਨ ਵੱਲੋਂ ਬਦਲੇ ਜਾਣ ਉਤੇ ਸਖ਼ਤ ਇਤਰਾਜ਼ ਜਤਾਉਂਦਿਆਂ ਇਸ ਨੂੰ ਰੱਦ ਕਰ ਦਿੱਤਾ ਸੀ। ਭਾਰਤ ਨੇ ਕਿਹਾ ਸੀ ਕਿ ਅਰੁਣਾਚਲ ‘ਹਮੇਸ਼ਾ ਭਾਰਤ ਦਾ ਅਟੁੱਟ ਹਿੱਸਾ ਰਿਹਾ ਹੈ ਤੇ ਰਹੇਗਾ ਅਤੇ ਨਾਂ ‘ਘੜ-ਘੜ ਕੇ ਰੱਖਣ ਨਾਲ ਸੱਚ ਬਦਲ ਨਹੀਂ ਜਾਵੇਗਾ।’ ਚੀਨ ਦੇ ਨਾਗਰਿਕ ਮਾਮਲਿਆਂ ਬਾਰੇ ਮੰਤਰਾਲੇ ਨੇ ਆਪਣੇ ਪੱਧਰ ਉਤੇ ਅਰੁਣਾਚਲ ਦੀਆਂ 15 ਥਾਵਾਂ ਦੇ ਨਾਂ ਬਦਲ ਦਿੱਤੇ ਸਨ ਤੇ ਸੂਬੇ ਨੂੰ ਇਹ ਦੱਖਣੀ ਤਿੱਬਤ ਦੱਸਦਾ ਹੈ। ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗ਼ਚੀ ਨੇ ਕਿਹਾ, ‘ਅਸੀਂ ਅਜਿਹਾ ਪਹਿਲਾਂ ਵੀ ਦੇਖਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਚੀਨ ਨੇ ਇਸ ਤਰ੍ਹਾਂ ਅਰੁਣਾਚਲ ਪ੍ਰਦੇਸ਼ ਦੀਆਂ ਥਾਵਾਂ ਦਾ ਨਾਂ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਚੀਨ ਅਪਰੈਲ 2017 ਵਿਚ ਵੀ ਅਜਿਹੀ ਕੋਸ਼ਿਸ਼ ਕਰ ਚੁੱਕਾ ਹੈ।’ ਭਾਰਤ ਦੀ ਪ੍ਰਤੀਕਿਰਿਆ ਬਾਰੇ ਪੁੱਛਣ ਉਤੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਮੀਡੀਆ ਨੂੰ ਕਿਹਾ ਕਿ ‘ਤਿੱਬਤ ਦਾ ਦੱਖਣੀ ਹਿੱਸਾ (ਅਰੁਣਾਚਲ) ਚੀਨ ਦੇ ਤਿੱਬਤੀ ਖ਼ੁਦਮੁਖਤਿਆਰ ਖੇਤਰ ਦਾ ਅੰਗ ਹੈ ਤੇ ਇਹ ਸ਼ੁਰੂ ਤੋਂ ਹੀ ਚੀਨ ਅਧੀਨ ਇਲਾਕਿਆਂ ਵਿਚ ਸ਼ਾਮਲ ਰਿਹਾ ਹੈ।’ ਉਨ੍ਹਾਂ ਕਿਹਾ ਕਿ ‘ਇਲਾਕੇ ਵਿਚ ਬਿਹਤਰ ਪ੍ਰਸ਼ਾਸਕੀ ਗਤੀਵਿਧੀਆਂ ਖਾਤਰ ਯੋਗ ਅਥਾਰਿਟੀ ਢੁੱਕਵੇਂ ਨੇਮਾਂ ਮੁਤਾਬਕ ਇਲਾਕਿਆਂ ਦੇ ਨਾਂ ਰੱਖਦੀ ਹੈ। ਇਹ ਮਾਮਲੇ ਚੀਨ ਦੇ ਅਧਿਕਾਰ ਖੇਤਰ ਵਿਚ ਹਨ ਤੇ ਚੀਨ ਦੀ ਪ੍ਰਭੂਸੱਤਾ ਨਾਲ ਜੁੜੇ ਹੋਏ ਹਨ। ਜ਼ਿਕਰਯੋਗ ਹੈ ਕਿ ਚੀਨ ਅਰੁਣਾਚਲ ਉਤੇ ਕਈ ਵਾਰ ਆਪਣਾ ਦਾਅਵਾ ਜਤਾ ਚੁੱਕਾ ਹੈ ਜਿਸ ਨੂੰ ਭਾਰਤ ਦਾ ਵਿਦੇਸ਼ ਮੰਤਰਾਲਾ ਖਾਰਜ ਕਰ ਚੁੱਕਾ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਈ ਵਾਰ ਜ਼ੋਰ ਦੇ ਕੇ ਕਿਹਾ ਹੈ ਕਿ ਸੂਬਾ ਭਾਰਤ ਦਾ ‘ਅਟੁੱਟ ਹਿੱਸਾ ਹੈ।’ ਚੀਨ ਉਦੋਂ ਵੀ ਇਤਰਾਜ਼ ਜਤਾਉਂਦਾ ਹੈ ਜਦ ਕੋਈ ਭਾਰਤੀ ਸਿਆਸੀ ਆਗੂ ਜਾਂ ਉੱਚ ਅਧਿਕਾਰੀ ਅਰੁਣਾਚਲ ਪ੍ਰਦੇਸ਼ ਆਉਂਦਾ ਹੈ। ਦੱਸਣਯੋਗ ਹੈ ਕਿ ਪੂਰਬੀ ਲੱਦਾਖ ਵਿਚ ਵੀ ਭਾਰਤ-ਚੀਨ ਦਰਮਿਆਨ ਸਰਹੱਦੀ ਵਿਵਾਦ ਅਜੇ ਪੂਰੀ ਤਰ੍ਹਾਂ ਹੱਲ ਨਹੀਂ ਹੋਇਆ ਹੈ। -ਪੀਟੀਆਈ
‘ਜ਼ੈਂਗਨਾਨ’ ਪ੍ਰਾਚੀਨ ਕਲਾ ਤੋਂ ਸਾਡੇ ਅਧੀਨ: ਚੀਨ
ਪੇਈਚਿੰਗ: ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਕਿਹਾ ਕਿ ‘ਜ਼ੈਂਗਨਾਨ ਜੋ ਕਿ ਚੀਨ ਦੇ ਕਬਜ਼ੇ ਹੇਠਲੇ ਤਿੱਬਤ ਦਾ ਦੱਖਣੀ ਹਿੱਸਾ ਹੈ’ ਤਿੱਬਤ ਖ਼ੁਦਮੁਖਤਿਆਰ ਖੇਤਰ ਵਿਚ ਹੈ ਤੇ ਪੁਰਾਤਨ ਕਾਲ ਤੋਂ ਚੀਨ ਦਾ ਹੀ ਇਲਾਕਾ ਹੈ। ਚੀਨ ਅਰੁਣਾਚਲ ਨੂੰ ਜ਼ੈਂਗਨਾਨ ਕਹਿ ਕੇ ਸੰਬੋਧਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਚੀਨ ਦੀਆਂ ਘੱਟ ਗਿਣਤੀਆਂ ਜਿਵੇਂ ਕਿ ਮੋਇੰਬਾ ਤੇ ਤਿੱਬਤੀ ਲੋਕ ਇੱਥੇ ਲੰਮੇ ਸਮੇਂ ਤੋਂ ਰਹਿ ਰਹੇ ਹਨ ਤੇ ਕੰਮ ਕਰ ਰਹੇ ਹਨ। -ਪੀਟੀਆਈ
ਅਰੁਣਾਚਲ ਤੇ ਅਸਾਮ ਦੇ ਰਾਜਪਾਲ ਭਾਰਤ-ਚੀਨ ਸਰਹੱਦ ’ਤੇ ਮਨਾਉਣਗੇ ਨਵਾਂ ਸਾਲ
ਈਟਾਨਗਰ: ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਬ੍ਰਿਗੇਡੀਅਰ (ਸੇਵਾਮੁਕਤ) ਡਾ. ਬੀਡੀ ਮਿਸ਼ਰਾ ਅਤੇ ਅਸਾਮ ਦੇ ਰਾਜਪਾਲ ਜਗਦੀਸ਼ ਮੁਖੀ ਭਲਕੇ ਪਹਿਲੀ ਜਨਵਰੀ ਨੂੰ ਭਾਰਤ-ਚੀਨ ਸਰਹੱਦ ’ਤੇ ਸਥਾਨਕ ਲੋਕਾਂ ਤੇ ਫੌਜੀਆਂ ਨਾਲ ਨਵਾਂ ਸਾਲ ਮਨਾਉਣਗੇ। ਰਾਜ ਭਵਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੋਵੇਂ ਰਾਜਪਾਲ ਭਲਕੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਅਰੁਣਾਚਲ ਪ੍ਰਦੇਸ਼ ਦੇ ਆਖਰੀ ਪਿੰਡ ਕਾਹੋ ਜਾਣਗੇ ਅਤੇ ਸਥਾਨਕ ਲੋਕਾਂ ਤੇ ਫੌਜ ਦੇ ਜਵਾਨਾਂ ਨਾਲ ਨਵੇਂ ਸਾਲ ਦੇ ਜਸ਼ਨਾਂ ’ਚ ਸ਼ਾਮਲ ਹੋਣਗੇ। ਜਗਦੀਸ਼ ਮੁਖੀ ਅਰੁਣਾਚਲ ਪ੍ਰਦੇਸ਼ ਦੇ ਚਾਰ ਰੋਜ਼ਾ ਦੌਰੇ ’ਤੇ ਅੱਜ ਇੱਥੇ ਪਹੁੰਚੇ ਤੇ ਸ੍ਰੀ ਮਿਸ਼ਰਾ ਨੇ ਉਨ੍ਹਾਂ ਦਾ ਇੱਥੇ ਪਹੁੰਚਣ ’ਤੇ ਸਵਾਗਤ ਕੀਤਾ। ਜਗਦੀਸ਼ ਮੁਖੀ ਨੂੰ ਸੂਬਾ ਪੁਲੀਸ ਤੇ ਆਈਟੀਬੀਪੀ ਦੇ ਜਵਾਨਾਂ ਨੇ ਗਾਰਡ ਆਫ ਆਨਰ ਦਿੱਤਾ। -ਪੀਟੀਆਈ
ਭਾਰਤੀ ਸੰਸਦ ਮੈਂਬਰਾਂ ਦੀ ਸ਼ਿਰਕਤ ’ਤੇ ਚੀਨ ਨੂੰ ਇਤਰਾਜ਼
ਨਵੀਂ ਦਿੱਲੀ: ਤਿੱਬਤ ਦੀ ਜਲਾਵਤਨ ਸਰਕਾਰ ਵੱਲੋਂ ਰੱਖੇ ਗਏ ਇਕ ਸਮਾਗਮ ਵਿਚ ਸ਼ਾਮਲ ਹੋਣ ’ਤੇ ਚੀਨ ਦੇ ਦੂਤਾਵਾਸ ਨੇ ਕਈ ਭਾਰਤੀ ਸੰਸਦ ਮੈਂਬਰਾਂ ਨੂੰ ਪੱਤਰ ਲਿਖਿਆ ਹੈ। ਇਸ ’ਤੇ ਸਖ਼ਤ ਇਤਰਾਜ਼ ਜ਼ਾਹਿਰ ਕੀਤਾ ਗਿਆ ਹੈ। ਕਈ ਉੱਘੇ ਭਾਰਤੀ ਸੰਸਦ ਮੈਂਬਰਾਂ ਨੇ ਦੂਤਾਵਾਸ ਦੀ ਇਸ ਮੁੱਦੇ ਉਤੇ ਟਿੱਪਣੀ ਲਈ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਚੀਨ ਨੂੰ ਇਸ ਮੁੱਦੇ ਉਤੇ ਬੋਲਣ ਦਾ ਕੋਈ ਹੱਕ ਨਹੀਂ ਹੈ। ਦਿੱਲੀ ਵਿਚ ਪਿਛਲੇ ਹਫ਼ਤੇ ਵੱਖ-ਵੱਖ ਪਾਰਟੀਆਂ ਦੇ ਕਰੀਬ ਛੇ ਸੰਸਦ ਮੈਂਬਰਾਂ ਨੇ ਰਾਤਰੀ ਭੋਜ ਵਿਚ ਸ਼ਿਰਕਤ ਕੀਤੀ ਸੀ। ਚੀਨ ਦੇ ਦੂਤਾਵਾਸ ਨੇ ਇਹ ਪੱਤਰ ਤਿੱਬਤ ਬਾਰੇ ਆਲ-ਪਾਰਟੀ ਇੰਡੀਅਨ ਪਾਰਲੀਮੈੈਂਟਰੀ ਫੋਰਮ ਦੇ ਕੁਝ ਮੈਂਬਰਾਂ ਨੂੰ ਲਿਖਿਆ ਹੈ। ਉਨ੍ਹਾਂ ਮੈਂਬਰਾਂ ਵੱਲੋਂ ਇਸ ਸਮਾਗਮ ਵਿਚ ਸ਼ਿਰਕਤ ਕਰਨ ’ਤੇ ਚਿੰਤਾ ਜ਼ਾਹਿਰ ਕੀਤੀ ਹੈ ਤੇ ਉਨ੍ਹਾਂ ਨੂੰ ਤਿੱਬਤੀ ਤਾਕਤਾਂ ਦੀ ਮਦਦ ਕਰਨ ਤੋਂ ਦੂਰ ਰਹਿਣ ਲਈ ਕਿਹਾ ਹੈ। ਭਾਰਤ ਸਰਕਾਰ ਨੇ ਹਾਲੇ ਤੱਕ ਇਸ ਮੁੱਦੇ ਉਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਆਮ ਤੌਰ ਉਤੇ ਭਾਰਤ ਮੁਲਕ ਦੇ ਅੰਦਰੂਨੀ ਮਾਮਲਿਆਂ ਵਿਚ ਕਿਸੇ ਵਿਦੇਸ਼ੀ ਦੂਤਾਵਾਸ ਦੀ ਟਿੱਪਣੀ ਮਨਜ਼ੂਰ ਨਹੀਂ ਕਰਦਾ। ਫੋਰਮ ਦੇ ਕਨਵੀਨਰ ਸੁਜੀਤ ਕੁਮਾਰ ਜੋ ਕੀ ਬੀਜੇਡੀ ਦੇ ਸੰਸਦ ਮੈਂਬਰ ਵੀ ਹਨ, ਨੇ ਕਿਹਾ ਕਿ ਤਿੱਬਤ ਦੀ ਜਲਾਵਤਨ ਸਰਕਾਰ ਦੀ ਭਾਰਤੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੋਈ ਸਿਆਸੀ ਰਾਬਤਾ ਨਹੀਂ ਸੀ ਪਰ ਸਭਿਆਚਾਰਕ ਤੇ ਵਪਾਰਕ ਰਿਸ਼ਤਿਆਂ ਨੂੰ ਉਤਸ਼ਾਹਿਤ ਕਰਨ ਉਤੇ ਕੇਂਦਰਤ ਸੀ। -ਪੀਟੀਆਈ