ਨਵੀਂ ਦਿੱਲੀ, 9 ਸਤੰਬਰ
ਪੂਰਬੀ ਲੱਦਾਖ ’ਚ ਪੈਂਗੌਂਗ ਝੀਲ ਦੇ ਦੱਖਣ ’ਚ ਭਾਰਤ ਦੇ ਦਬਦਬੇ ਨੂੰ ਦੇਖਦਿਆਂ ਚੀਨ ਨੇ ਝੀਲ ਦੇ ਉੱਤਰੀ ਇਲਾਕੇ ’ਚ ਨਵੇਂ ਸਿਰੇ ਤੋਂ ਆਪਣੇ ਜਵਾਨਾਂ ਨੂੰ ਤਾਇਨਾਤ ਕਰ ਦਿੱਤਾ ਹੈ। ਚੀਨ ਦੀ ਇਹ ਹਰਕਤ ਉਸ ਸਮੇਂ ਸਾਹਮਣੇ ਆਈ ਹੈ ਜਦੋਂ 7 ਸਤੰਬਰ ਨੂੰ ਦੱਖਣੀ ਕੰਢੇ ’ਤੇ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਦੇ ਜਵਾਨਾਂ ਵਿਚਕਾਰ ਝੜਪਾਂ ਹੋਈਆਂ ਸਨ ਅਤੇ ਚਿਤਾਵਨੀ ਵਜੋਂ ਹਵਾ ’ਚ ਗੋਲੀਆਂ ਦਾਗ਼ੀਆਂ ਗਈਆਂ ਸਨ। ਉਧਰ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਤਣਾਅ ਘਟਾਉਣ ਲਈ ਭਾਰਤ ਅਤੇ ਚੀਨ ਦੇ ਫ਼ੌਜੀ ਕਮਾਂਡਰਾਂ ਵਿਚਕਾਰ ਅੱਜ ਹੋਈ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ। ਉਂਜ ਦੋਵੇਂ ਮੁਲਕਾਂ ਦੇ ਫ਼ੌਜ ਕਮਾਂਡਰਾਂ ਵੱਲੋਂ ਅੱਗੇ ਵੀ ਵਾਰਤਾ ਜਾਰੀ ਰੱਖੀ ਜਾਵੇਗੀ।
ਸੂਤਰਾਂ ਨੇ ਕਿਹਾ ਕਿ ਪੀਪਲਜ਼ ਲਬਿਰੇਸ਼ਨ ਆਰਮੀ ਦੇ ਜਵਾਨਾਂ ਦੀ ਤਾਇਨਾਤੀ ਮੰਗਲਵਾਰ ਸ਼ਾਮ ਤੋਂ ਹੀ ਵਧਣੀ ਸ਼ੁਰੂ ਹੋ ਗਈ ਸੀ ਅਤੇ ਉਨ੍ਹਾਂ ਵੱਲੋਂ ਵਧੇਰੇ ਸਮੱਗਰੀ ਤੇ ਹੋਰ ਰਣਨੀਤਕ ਤੌਰ ’ਤੇ ਅਹਿਮ ਉਪਕਰਣਾਂ ਨੂੰ ਲਿਆਂਦਾ ਜਾ ਰਿਹਾ ਹੈ। ਸਰਕਾਰੀ ਸੂਤਰ ਨੇ ਕਿਹਾ,‘‘ਦੋਵੇਂ ਮੁਲਕਾਂ ਦੇ ਜਵਾਨ ਇਕ-ਦੂਜੇ ਤੋਂ ਥੋੜ੍ਹੀ ਦੂਰੀ ’ਤੇ ਹਨ। ਚੀਨੀ ਫ਼ੌਜੀਆਂ ਦੀਆਂ ਹਰਕਤਾਂ ਸਪੱਸ਼ਟ ਦਿਖਾਈ ਦੇ ਰਹੀਆਂ ਹਨ ਅਤੇ ਭਾਰਤੀ ਜਵਾਨਾਂ ਵੱਲੋਂ ਸਰਗਰਮੀਆਂ ’ਤੇ ਨੇੜਿਉਂ ਨਜ਼ਰ ਰੱਖੀ ਜਾ ਰਹੀ ਹੈ।’’ ਚੀਨੀ ਫ਼ੌਜ ਫਿੰਗਰ 4 ਰਿੱਜਲਾਈਨ ਦੇ ਉਪਰ ਲਗਾਤਾਰ ਸਰਗਰਮ ਹੈ। ਝੀਲ ਦੇ ਉੱਤਰੀ ਕੰਢੇ ਦਾ ਹਿੱਸਾ 8 ਫਿੰਗਰ ’ਚ ਵੰਡਿਆ ਹੋਇਆ ਹੈ ਜਿਸ ’ਤੇ ਦੋਵੇਂ ਧਿਰਾਂ ਵੱਲੋਂ ਦਾਅਵਾ ਜਤਾਇਆ ਜਾ ਰਿਹਾ ਹੈ। ਚੀਨ ਨੇ ਫਿੰਗਰ 5 ਅਤੇ 8 ਵਿਚਕਾਰ ਵੀ ਮੋਰਚੇਬੰਦੀ ਕੀਤੀ ਹੋਈ ਹੈ। ਭਾਰਤੀ ਫ਼ੌਜ ਨੇ ਪੈਂਗੌਂਗ ਝੀਲ ਦੇ ਦੱਖਣੀ ਕੰਢੇ ਦੇ ਆਲੇ-ਦੁਆਲੇ ਦੀਆਂ ਅਹਿਮ ਚੋਟੀਆਂ ’ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਚੀਨ ਨੇ ਇਨ੍ਹਾਂ ਪੁਜ਼ੀਸ਼ਨਾਂ ’ਤੇ ਕਬਜ਼ੇ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਹਨ ਜਿਨ੍ਹਾਂ ਨੂੰ ਨਾਕਾਮ ਬਣਾ ਦਿੱਤਾ ਗਿਆ ਹੈ। ਚੀਨ ਰੇਚਿਨ ਲਾ ’ਤੇ ਭਾਰਤੀ ਕਬਜ਼ੇ ਦਾ ਵਿਰੋਧ ਕਰ ਰਿਹਾ ਹੈ ਕਿਉਂਕਿ ਭਾਰਤ ਇਸ ਥਾਂ ਤੋਂ ਨਾ ਸਿਰਫ਼ ਪੈਂਗੌਂਗ ਝੀਲ ਦੇ ਦੱਖਣੀ ਸਗੋਂ ਉੱਤਰੀ ਕੰਢੇ ’ਤੇ ਵੀ ਨਜ਼ਰ ਰੱਖ ਸਕਦਾ ਹੈ। ਇਸੇ ਦੌਰਾਨ ਸੂਤਰਾਂ ਨੇ ਕਿਹਾ,‘‘ਦੋਵੇਂ ਮੁਲਕਾਂ ਦੇ ਬ੍ਰਿਗੇਡ ਕਮਾਂਡਰਾਂ ਵਿਚਕਾਰ ਅੱਜ ਵਾਰਤਾ ਹੋਈ ਪਰ ਇਹ ਬੇਸਿੱਟਾ ਰਹੀ। ਭਾਰਤ ਨੇ ਸਪੱਸ਼ਟ ਆਖਿਆ ਹੈ ਕਿ ਜੇਕਰ ਚੀਨੀ ਫ਼ੌਜ ਭੜਕਾਊ ਕਾਰਵਾਈਆਂ ਤੋਂ ਬਾਜ਼ ਨਾ ਆਈ ਤਾਂ ਭਾਰਤੀ ਜਵਾਨ ਵੀ ਮੋੜਵਾਂ ਜਵਾਬ ਦੇਣਗੇ।’’ ਇਹ ਗੱਲਬਾਤ ਊਸ ਸਮੇਂ ਹੋਈ ਹੈ ਜਦੋਂ ਚੀਨ ਦੀ ਪੀਪਲਜ਼ ਲਬਿਰੇਸ਼ਨ ਆਰਮੀ ਦੇ ਜਵਾਨਾਂ ਨੇ 7 ਸਤੰਬਰ ਨੂੰ ਭੜਕਾਊ ਕਾਰਵਾਈ ਕਰਦਿਆਂ ਭਾਰਤੀ ਜਵਾਨਾਂ ਨੂੰ ਰਿਜ਼ਾਂਗ ਲਾ ਤੋਂ ਪਿੱਛੇ ਧੱਕਣ ਦੀ ਕੋਸ਼ਿਸ਼ ਕੀਤੀ ਸੀ ਅਤੇ ਹਵਾ ’ਚ ਗੋਲੀਆਂ ਦਾਗ਼ੀਆਂ ਸਨ।
ਆਈਏਐਨਐਸ
ਅਸਲ ਕੰਟਰੋਲ ਰੇਖਾ ’ਤੇ ਹਾਲਾਤ ਤਣਾਅਪੂਰਨ
ਨਵੀਂ ਦਿੱਲੀ: ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਆਹਮੋ-ਸਾਹਮਣੇ ਹਨ। ਭਾਰਤੀ ਅਧਿਕਾਰੀਆਂ ਮੁਤਾਬਕ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਮਸਾਂ ਸੌ ਮੀਟਰ ਦੀ ਦੂਰੀ ’ਤੇ ਹਨ। ਅਧਿਕਾਰੀ ਨੇ ਕਿਹਾ ਕਿ ਅਸਲ ਕੰਟਰੋਲ ਰੇਖਾ ’ਤੇ ਹਾਲਾਤ ਤਣਾਅਪੂਰਨ ਹਨ ਅਤੇ ਪੈਂਗੌਂਗ ਝੀਲ ਦੇ ਦੱਖਣ ’ਚ ਚਾਰ ਥਾਵਾਂ ’ਤੇ ਫ਼ੌਜੀ ਡਟੇ ਹੋਏ ਹਨ। ਉਂਜ ਦੋਵੇਂ ਸੈਨਾਵਾਂ ਅਸਲ ਕੰਟਰੋਲ ਰੇਖਾ ’ਤੇ ਆਪਣੀਆਂ ਹੱਦਾਂ ਅੰਦਰ ਹਨ।
-ਰਾਇਟਰਜ਼