ਗੁਹਾਟੀ: ਭਾਰਤੀ ਫ਼ੌਜ ਦੀ ਪੂਰਬੀ ਕਮਾਨ ਦੇ ਮੁਖੀ ਨੇ ਅੱਜ ਕਿਹਾ ਕਿ ਚੀਨ ਦੀ ਫ਼ੌਜ (ਪੀਐਲਏ) ਅਰੁਣਾਚਲ ਪ੍ਰਦੇਸ਼ ਵਿਚ ਕੌਮਾਂਤਰੀ ਸਰਹੱਦ ਦੇ ਨਾਲ ਕਈ ਤਰ੍ਹਾਂ ਦੇ ਢਾਂਚੇ ਉਸਾਰ ਰਹੀ ਹੈ ਤੇ ਸਮਰੱਥਾ ਵਿਚ ਵਾਧਾ ਕਰ ਰਹੀ ਹੈ। ਪੂਰਬੀ ਕਮਾਨ ਦੇ ਜੀਓਸੀ-ਇਨ ਚੀਫ਼ ਲੈਫ਼ ਜਨਰਲ ਆਰ.ਪੀ. ਕਲਿਤਾ ਨੇ ਦੱਸਿਆ ਕਿ ਭਾਰਤ ਵੀ ਆਪਣੇ ਢਾਂਚਿਆਂ ਵਿਚ ਸੁਧਾਰ ਕਰ ਰਿਹਾ ਹੈ ਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਮਰੱਥਾ ਵਿਚ ਵਾਧਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਐਲਏਸੀ ਤੋਂ ਪਾਰ ਤਿੱਬਤ ਵਿਚ ਕਈ ਢਾਂਚੇ ਵਿਕਸਿਤ ਕੀਤੇ ਜਾ ਰਹੇ ਹਨ। ਚੀਨ ਲਗਾਤਾਰ ਆਪਣੇ ਸੜਕ, ਰੇਲ ਤੇ ਹਵਾਈ ਸੰਪਰਕ ਨੂੰ ਹੋਰ ਬਿਹਤਰ ਕਰ ਰਿਹਾ ਹੈ ਤਾਂ ਕਿ ਕੋਈ ਵੀ ਸਥਿਤੀ ਬਣਨ ’ਤੇ ਉਹ ਫ਼ੌਜਾਂ ਭੇਜਣ ਲਈ ਚੰਗੀ ਸਥਿਤੀ ਵਿਚ ਹੋਵੇ। ਕਮਾਨ ਦੇ ਮੁਖੀ ਨੇ ਕਿਹਾ ਕਿ ਚੀਨ ਨੇ ਐਲਏਸੀ ਦੇ ਨੇੜੇ ਪਿੰਡ ਵੀ ਵਸਾ ਲਏ ਹਨ ਜਿਨ੍ਹਾਂ ਦੀ ਵਰਤੋਂ ਕਈ ਮੰਤਵਾਂ ਲਈ ਹੋ ਸਕਦੀ ਹੈ। ਫ਼ੌਜੀ ਅਧਿਕਾਰੀ ਨੇ ਕਿਹਾ, ‘ਅਸੀਂ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ ਤੇ ਆਪਣੇ ਢਾਂਚਿਆਂ ਨੂੰ ਵੀ ਬਿਹਤਰ ਕਰ ਰਹੇ ਹਾਂ।’ ਭਾਰਤੀ ਫ਼ੌਜ ਦੇ ਕਮਾਂਡਰ ਨੇ ਕਿਹਾ ਕਿ ਮੁਸ਼ਕਲ ਧਰਾਤਲੀ ਤੇ ਮੌਸਮੀ ਸਥਿਤੀਆਂ ਕਾਰਨ ਸਰਹੱਦ ਨੇੜਲੀਆਂ ਥਾਵਾਂ ’ਤੇ ਉਸਾਰੀ ਕਰਨ ਵਿਚ ਮੁਸ਼ਕਲ ਆਉਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। -ਪੀਟੀਆਈ