ਸਾਓ ਪਾਓਲੋ, 21 ਅਗਸਤ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਚੀਨ ਨੇ ਭਾਰਤ ਨਾਲ ਹੋਏ ਸਰਹੱਦੀ ਸਮਝੌਤਿਆਂ ਦਾ ਨਿਰਾਦਰ ਕੀਤਾ ਹੈ ਤੇ ਇਨ੍ਹਾਂ ਦਾ ਪਾਲਣ ਨਹੀਂ ਕੀਤਾ ਗਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਟਿਕਾਊ ਰਿਸ਼ਤੇ ਇਕ ਪਾਸਿਓਂ ਨਹੀਂ ਬਣਨਗੇ, ਇਨ੍ਹਾਂ ਲਈ ਆਪਸੀ ਆਦਰ ਹੋਣਾ ਜ਼ਰੂਰੀ ਹੈ। ਉਨ੍ਹਾਂ ਦੇ ਇਸ ਬਿਆਨ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਆਈ ਕੁੜੱਤਣ ਇਕ ਵਾਰ ਮੁੜ ਉਜਾਗਰ ਹੋ ਗਈ ਹੈ। ਜੈਸ਼ੰਕਰ ਦੱਖਣੀ ਅਮਰੀਕਾ ਮਹਾਦੀਪ ਦੇ ਛੇ ਦਿਨਾਂ ਦੇ ਦੌਰੇ ਉਤੇ ਆਏ ਹਨ। ਇੱਥੇ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਚੀਨ ਨਾਲ ਰਿਸ਼ਤਿਆਂ ਬਾਰੇ ਇਹ ਵਿਚਾਰ ਪ੍ਰਗਟਾਏ। ਭਾਰਤ-ਚੀਨ ਰਿਸ਼ਤਿਆਂ ਬਾਰੇ ਇਕ ਸਵਾਲ ਦਾ ਜਵਾਬ ਦਿੰਦਿਆਂ ਜੈਸ਼ੰਕਰ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਹੋਏ ਸਰਹੱਦੀ ਸਮਝੌਤੇ 1990 ਤੱਕ ਦੇ ਹਨ। ਇਨ੍ਹਾਂ ਵਿਚ ਸਰਹੱਦੀ ਇਲਾਕਿਆਂ ’ਚ ਸੈਨਾ ਨਾ ਭੇਜਣ ਬਾਰੇ ਸਹਿਮਤੀ ਬਣੀ ਸੀ। ਹਾਲਾਂਕਿ ਚੀਨ ਨੇ ਇਨ੍ਹਾਂ ਸੰਧੀਆਂ ਦਾ ਪਾਲਣ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਗਲਵਾਨ ਵਾਦੀ ਦੀ ਘਟਨਾ ਬਾਰੇ ਸਾਰੇ ਜਾਣਦੇ ਹਨ, ਮੁਸ਼ਕਲ ਦਾ ਹੱਲ ਨਹੀਂ ਹੋਇਆ ਹੈ ਤੇ ਇਹ ਬਰਕਰਾਰ ਹੈ। ਜੈਸ਼ੰਕਰ ਨੇ ਕਿਹਾ, ‘ਉਹ ਸਾਡੇ ਗੁਆਂਢੀ ਹਨ ਤੇ ਹਰ ਵਿਅਕਤੀ ਆਪਣੇ ਗੁਆਂਢੀ ਨਾਲ ਚੰਗੇ ਰਿਸ਼ਤੇ ਚਾਹੁੰਦਾ ਹੈ…ਪਰ ਇਸ ਲਈ ਇਕ-ਦੂਜੇ ਦਾ ਆਦਰ ਕਰਨਾ ਪੈਂਦਾ ਹੈ’। ਉਨ੍ਹਾਂ ਕਿਹਾ ਕਿ ਇਹ ਕੋਈ ਲੁਕੋਣ ਵਾਲੀ ਗੱਲ ਨਹੀਂ ਹੈ ਕਿ ਦੋਵਾਂ ਦੇਸ਼ਾਂ ਦੇ ਰਿਸ਼ਤੇ ਮੁਸ਼ਕਲ ਦੌਰ ਵਿਚੋਂ ਲੰਘ ਰਹੇ ਹਨ। -ਪੀਟੀਆਈ