ਨਵੀਂ ਦਿੱਲੀ: ਭਾਰਤ ਨੇ ਅੱਜ ਕਿਹਾ ਕਿ ਚੀਨ ਦੇ ਪਾਣੀਆਂ ਵਿੱਚ ਭਾਰਤੀ ਅਮਲੇ ਦੇ 39 ਅਮਲਾ ਮੈਂਬਰਾਂ ਸਣੇ ਦੋ ਕਾਰਗੋ ਬੇੜੇ ਖੜ੍ਹੇ ਹਨ, ਜਿਨ੍ਹਾਂ ਨੂੰ ਕਾਰਗੋ ਉਤਾਰਨ ਦੀ ਪ੍ਰਵਾਨਗੀ ਨਹੀਂ ਮਿਲ ਰਹੀ ਹੈ ਜਦਕਿ ਭਾਰਤੀ ਬੇੜਿਆਂ ਤੋਂ ਬਾਅਦ ਪੁੱਜੇ ਕਈ ਹੋਰ ਬੇੜੇ ਆਪਣਾ ਕਾਰਗੋ ਉਤਾਰ ਚੁੱਕੇ ਹਨ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਦੱਸਿਆ ਕਿ ਐੱਮਵੀ ਜਗ ਆਨੰਦ ਨਾਂ ਦਾ ਸਮੁੰਦਰੀ ਬੇੜਾ ਚੀਨ ਦੇ ਹੁਬੇਈ ਪ੍ਰਾਂਤ ਵਿੱਚ ਜਿੰਗਤਾਂਗ ਬੰਦਰਗਾਹ ਨੇੜੇ 13 ਜੂਨ ਤੋਂ ਖੜ੍ਹਾ ਹੈ ਅਤੇ ਇਸ ਵਿੱਚ ਭਾਰਤੀ ਅਮਲੇ ਦੇ 23 ਮੈਂਬਰ ਸਵਾਰ ਹਨ। ਦੂਜਾ ਬੇੜਾ, ਐੱਮਵੀ ਅਨਾਸਤਾਸੀਆ 20 ਸਤੰਬਰ ਤੋਂ ਚੀਨ ਦੀ ਕਾਓਫਿਦਿਆਨ ਬੰਦਰਗਾਹ ਨੇੜੇ ਖੜ੍ਹਾ ਹੈ। -ਪੀਟੀਆਈ