ਨਵੀਂ ਦਿੱਲੀ, 10 ਮਈ
ਉਤਰ ਰੇਲਵੇ ਵੱਲੋਂ ਰੇਲ ਗੱਡੀ ਵਿਚ ਆਪਣੇ ਬੱਚਿਆਂ ਨਾਲ ਸਫਰ ਕਰਨ ਵਾਲੇ ਯਾਤਰੀਆਂ ਦੇ ਆਰਾਮਦਾਇਕ ਸਫਰ ਲਈ ਵੱਖਰੀਆਂ ਕੁਰਸੀਆਂ ਲਾਈਆਂ ਜਾਣਗੀਆਂ ਜੋ ਲੋੜ ਪੈਣ ’ਤੇ ਖੋਲ੍ਹੀਆਂ ਜਾ ਸਕਣਗੀਆਂ। ਰੇਲਵੇ ਨੇ ਹਾਲੇ ਇਸ ਪ੍ਰਾਜੈਕਟ ਨੂੰ ਲਖਨਊਮੇਲ ਵਿਚ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤਾ ਹੈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਕੁਰਸੀਆਂ ਯਾਤਰੀਆਂ ਤੋਂ ਹਾਸਲ ਹੋਈ ਫੀਡਬੈਕ ਅਨੁਸਾਰ ਲਾਈਆਂ ਗਈਆਂ ਹਨ ਤੇ ਇਸ ਨੂੰ ਹੋਰ ਰੇਲ ਗੱਡੀਆਂ ਵਿਚ ਲਾਗੂ ਕਰਨ ਦੀ ਯੋਜਨਾ ਹੈ। ਇਨ੍ਹਾਂ ਸੀਟਾਂ ਨੂੰ ‘ਬੇਬੀ ਬਰਥ’ ਦਾ ਨਾਂ ਦਿੱਤਾ ਗਿਆ ਹੈ। ਇਹ ਸੀਟਾਂ ਹੇਠਲੀਆਂ ਮੁੱਖ ਸੀਟਾਂ ਨਾਲ ਵੱਖਰੀਆਂ ਲਾਈਆਂ ਗਈਆਂ ਹਨ ਜਿਨ੍ਹਾਂ ਨੂੰ ਫੋਲਡ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਹਾਲੇ ਅਜਿਹੀਆਂ ਦੋ ਸੀਟਾਂ ਲਾਈਆਂ ਗਈਆਂ ਹਨ ਜਿਸ ਨੂੰ ਕਰਿਸ (ਸੈਂਟਰ ਫਾਰ ਰੇਲਵੇਜ਼ ਇਨਫਰਮੇਸ਼ਨ ਸਿਸਟਮ) ਵਿਚ ਦਰਖਾਸਤ ਕਰ ਕੇ ਬੁੱਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਇਸ ਸਬੰਧੀ ਹਾਂਪੱਖੀ ਫੀਡਬੈਕ ਮਿਲਦੀ ਹੈ ਤਾਂ ਸੀਟਾਂ ਦੀ ਗਿਣਤੀ ਵਧਾਈ ਜਾਵੇਗੀ।-ਪੀਟੀਆਈ