ਨਵੀਂ ਦਿੱਲੀ, 1 ਮਈ
ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਕਿਹਾ ਹੈ ਕਿ ਬੱਚਿਆਂ ਨੂੰ ਮੁੱਢਲੀ ਸਿੱਖਿਆ ਮਾਂ ਬੋਲੀ ’ਚ ਦਿੱਤੀ ਜਾਣੀ ਚਾਹੀਦੀ ਹੈ। ਦਿੱਲੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਗਮਾਂ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਸਿੱਖਿਆ ਪ੍ਰਣਾਲੀ ਨੂੰ ‘ਸਾਡੇ ਸੱਭਿਆਚਾਰ’ ’ਤੇ ਵੀ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ‘ਜੇਕਰ ਬੱਚੇ ਨੂੰ ਪਹਿਲਾਂ ਹੀ ਮਾਂ ਬੋਲੀ ’ਚ ਸਿੱਖਿਆ ਦਿੱਤੀ ਜਾਵੇਗੀ ਤਾਂ ਉਹ ਉਸ ਨੂੰ ਛੇਤੀ ਜਜ਼ਬ ਕਰ ਲਵੇਗਾ। ਜੇਕਰ ਬੱਚੇ ਨੇ ਕੋਈ ਹੋਰ ਭਾਸ਼ਾ ਸਿੱਖੀ ਤਾਂ ਪਹਿਲਾਂ ਉਸ ਨੂੰ ਉਹ ਸਿੱਖਣੀ ਪਵੇਗੀ ਅਤੇ ਫਿਰ ਉਹ ਉਸ ਨੂੰ ਸਮਝੇਗਾ।’ ਸ੍ਰੀ ਨਾਇਡੂ, ਜੋ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਸਮਾਗਮ ਦੌਰਾਨ ਮੁੱਖ ਮਹਿਮਾਨ ਸਨ ਜਿਸ ’ਚ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਵੀ ਹਾਜ਼ਰੀ ਭਰੀ। ਉਪ ਰਾਸ਼ਟਰਪਤੀ ਨੇ ਦਿੱਲੀ ਯੂਨੀਵਰਸਿਟੀ ਦੇ 100 ਸਾਲ ਪੂਰੇ ਹੋਣ ’ਤੇ ਸੌ ਰੁਪਏ ਦਾ ਯਾਦਗਾਰੀ ਸਿੱਕਾ, ਡਾਕ ਟਿਕਟ ਅਤੇ ਕਿਤਾਬਚਾ ਵੀ ਜਾਰੀ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਦਾ ਵੀ ਜ਼ਿਕਰ ਕੀਤਾ ਜਿਸ ’ਚ ਉਨ੍ਹਾਂ ਅਦਾਲਤਾਂ ’ਚ ਸਥਾਨਕ ਭਾਸ਼ਾਵਾਂ ਦੀ ਵਰਤੋਂ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ,‘‘ਸਥਾਨਕ ਭਾਸ਼ਾਵਾਂ ਦੀ ਵਰਤੋਂ ਸਿਰਫ਼ ਅਦਾਲਤਾਂ ’ਚ ਹੀ ਨਹੀਂ ਸਗੋਂ ਹਰ ਥਾਂ ’ਤੇ ਹੋਣੀ ਚਾਹੀਦੀ ਹੈ।’’ ਉਨ੍ਹਾਂ 100 ਸਾਲ ਮੁਕੰਮਲ ਹੋਣ ’ਤੇ ਦਿੱਲੀ ਯੂਨੀਵਰਸਿਟੀ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸਥਾਨਕ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਨਾਲ ਵਿਦਿਆਰਥੀਆਂ ਦੀ ਸਿਰਜਣਾਤਮਕਤਾ ’ਚ ਦਿਲਚਸਪੀ ਵਧਾਉਣ ’ਚ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਕੌਮੀ ਸਿੱਖਿਆ ਨੀਤੀ ’ਚ ਸਥਾਨਕ ਭਾਸ਼ਾਵਾਂ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ ਗਿਆ ਹੈ।
ਉਨ੍ਹਾਂ ਅੰਗਰੇਜ਼ੀ, ਹਿੰਦੀ ਅਤੇ ਤੇਲਗੂ ਭਾਸ਼ਾਵਾਂ ’ਚ ਕਿਤਾਬਚਾ ਜਾਰੀ ਕਰਨ ਲਈ ਦਿੱਲੀ ਯੂਨੀਵਰਸਿਟੀ ਨੂੰ ਵਧਾਈ ਵੀ ਦਿੱਤੀ। ਵਾਈਸ ਚਾਂਸਲਰ ਯੋਗੇਸ਼ ਸਿੰਘ ਨੇ ਕਿਹਾ ਕਿ ਦਿੱਲੀ ਯੂਨੀਵਰਸਿਟੀ ਭਾਰਤੀਆਂ ਦੀ ਜ਼ਿੰਦਗੀ ’ਚ ਆਪਣਾ ਯੋਗਦਾਨ ਪਾਉਣਾ ਜਾਰੀ ਰੱਖੇਗੀ। -ਪੀਟੀਆਈ