ਕੋਜ਼ੀਕੋਡ, 5 ਸਤੰਬਰ
ਕੇਰਲਾ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਅੱਜ ਕਿਹਾ ਹੈ ਕਿ ਨਿਪਾਹ ਵਾਇਰਸ ਕਾਰਨ 12 ਸਾਲਾ ਲੜਕੇ ਦੀ ਇੱਥੋਂ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ ਹੈ। ਪੀੜਤ ਦੇ ਸਰੀਰ ਤੋਂ ਨਮੂਨੇ ਲਏ ਗਏ ਸਨ, ਜਿਨ੍ਹਾਂ ਨੂੰ ਪੁਣੇ ਦੇ ਨੈਸ਼ਨਲ ਇੰਸਟੀਚਿਟ ਆਫ਼ ਵਾਇਰੋਲੋਜੀ (ਐੱਨਆਈਵੀ) ਵਿੱਚ ਭੇਜਿਆ ਗਿਆ ਸੀ, ਜਿਥੇ ਉਸ ਵਿੱਚ ਨਿਪਾਹ ਵਾਇਰਸ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਸੀ।ਇਸ ਦੌਰਾਨ ਨਿਪਾਹ ਦੇ ਦੋ ਹੋਰ ਮਰੀਜ਼ ਮਿਲੇ ਹਨ। ਕੇਂਦਰ ਸਰਕਾਰ ਨੇ ਰਾਸ਼ਟਰੀ ਰੋਗ ਨਿਯੰਤਰਣ ਕੇਂਦਰ ਦੀ ਟੀਮ ਕੇਰਲਾ ਭੇਜੀ ਹੈ। ਇਹ ਟੀਮ ਰਾਜ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰੇਗੀ। ਜਦੋਂ ਚਮਗਿੱਦੜ ਫਲ ਖਾਂਦਾ ਹੈ, ਉਸ ਦੀ ਲਾਰ ਫਲਾਂ ’ਤੇ ਲਗਦੀ ਹੈ। ਇਸ ਤਰ੍ਹਾਂ ਨਿਪਾਹ ਵਾਇਰਸ ਫੈਲਦਾ ਹੈ।