ਸੂਬਾ ਸਰਕਾਰ ਨੇ ਇਹਤਿਆਤੀ ਕਦਮ ਉਠਾਏ; ਦੋ ਹੋਰ ਬੱਚਿਆਂ ’ਚ ਲੱਛਣ ਮਿਲੇ
ਕੋਜ਼ੀਕੋਡ, 5 ਸਤੰਬਰ
ਨਿਪਾਹ ਵਾਇਰਸ ਤੋਂ ਪੀੜਤ 12 ਸਾਲ ਦੇ ਬੱਚੇ ਦੀ ਅੱਜ ਤੜਕੇ ਮੌਤ ਹੋ ਗਈ। ਉਸ ਨੂੰ ਪੂਰੇ ਪ੍ਰੋਟੋਕਾਲ ਦਾ ਪਾਲਣ ਕਰਦਿਆਂ ਅੱਜ ਨੇੜਲੇ ਕਬਰਿਸਤਾਨ ’ਚ ਦਫ਼ਨਾ ਦਿੱਤਾ ਗਿਆ। ਸਿਹਤ ਵਿਭਾਗ ਮੁਤਾਬਕ ਪੀਪੀਈ ਕਿੱਟ ਪਹਿਨ ਕੇ ਅਧਿਕਾਰੀਆਂ ਨੇ ਉਸ ਦੀਆਂ ਅੰਤਿਮ ਰਸਮਾਂ ਨਿਭਾਈਆਂ। ਇਸ ਮੌਕੇ ਬੱਚੇ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਹੀ ਪੀਪੀਈ ਕਿੱਟਾਂ ਪਹਿਨ ਕੇ ਕਬਰਿਸਤਾਨ ’ਚ ਹਾਜ਼ਰ ਸਨ। ਅੰਤਿਮ ਰਸਮਾਂ ਮਗਰੋਂ ਕੋਜ਼ੀਕੋਡ ਨਿਗਮ ਦੇ ਸਿਹਤ ਅਮਲੇ ਨੇ ਸਾਰੇ ਇਲਾਕੇ ਨੂੰ ਸੈਨੇਟਾਈਜ਼ ਕੀਤਾ। ਸਥਾਨਕ ਅਧਿਕਾਰੀਆਂ ਵੱਲੋਂ ਕੋਜ਼ੀਕੋਡ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ। ਦੋ ਹੋਰ ਬੱਚਿਆਂ ’ਚ ਨਿਪਾਹ ਵਾਇਰਸ ਦੇ ਲੱਛਣ ਮਿਲੇ ਹਨ।
ਉਧਰ ਕੇਰਲਾ ’ਚ ਜਦੋਂ ਕਰੋਨਾਵਾਇਰਸ ਦੇ ਰੋਜ਼ਾਨਾ ਕਰੀਬ 30 ਹਜ਼ਾਰ ਕੇਸ ਆ ਰਹੇ ਹਨ ਤਾਂ ਨਿਪਾਹ ਵਾਇਰਸ ਨੇ ਵੀ ਕਹਿਰ ਮਚਾ ਦਿੱਤਾ ਹੈ। ਵੱਖਰੀ ਤਰ੍ਹਾਂ ਦੀ ਇਸ ਲਾਗ ਨਾਲ ਨਜਿੱਠਣ ਲਈ ਸਿਹਤ ਵਿਭਾਗ ਚੌਕਸ ਹੋ ਗਿਆ ਹੈ। ਸਿਹਤ ਮੰਤਰੀ ਵੀਨਾ ਜੌਰਜ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਮਾਸਕ ਅਤੇ ਪੀਪੀਈ ਕਿੱਟਾਂ ਆਦਿ ਜਿਹੇ ਇਹਤਿਆਤੀ ਕਦਮਾਂ ਦੀ ਵਰਤੋਂ ਨਾਲ ਇਸ ਵਾਇਰਸ ਤੋਂ ਬਚਿਆ ਜਾ ਸਕਦਾ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਕੌਮੀ ਰੋਗ ਕੰਟਰੋਲ ਸੈਂਟਰ ਦੀ ਇਕ ਟੀਮ ਕੇਰਲਾ ਰਵਾਨਾ ਕੀਤੀ ਹੈ ਤਾਂ ਜੋ ਸੂਬੇ ਦੀ ਸਹਾਇਤਾ ਕੀਤੀ ਜਾ ਸਕੇ। -ਪੀਟੀਆਈ