ਮੁੰਬਈ, 2 ਅਕਤੂਬਰ
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਅਣਪਛਾਤੇ ਨੰਬਰ ਤੋਂ ਜਾਨੋਂ ਮਾਰਨ ਦੀ ਮਿਲੀ ਧਮਕੀ ਮਗਰੋਂ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਅਣਪਛਾਤੇ ਕਾਲਰ ਤੇ ਫੋਨ ਕਾਲ ਦਾ ਖੁਰਾ-ਖੋਜ ਲਾਉਣ ਲਈ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਸ਼ਿੰਦੇ ਦੀ ਮਾਲਾਬਾਰ ਹਿੱਲ ਸਥਿਤ ਸਰਕਾਰੀ ਰਿਹਾਇਸ਼ ‘ਵਰਸ਼ਾ’ ਤੇ ਠਾਣੇ ਸ਼ਹਿਰ ਵਿਚਲੇ ਨਿੱਜੀ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਦੋਵਾਂ ਥਾਵਾਂ ’ਤੇ ਵਧੀਕ ਸੁਰੱਖਿਆ ਬਲਾਂ ਦੀ ਨਫ਼ਰੀ ਤਾਇਨਾਤ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਸੂਬਾਈ ਇੰਟੈਲੀਜੈਂਸ ਵਿਭਾਗ (ਐੱਸਆਈਡੀ) ਵੱਲੋਂ ਸ਼ਿੰਦੇ ਨੂੰ ਮਿਲੀ ਧਮਕੀ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਿੰਦੇ ਕੋਲ ਜ਼ੈੱਡ ਵਰਗ ਦੀ ਸੁਰੱਖਿਆ ਛਤਰੀ ਹੈ। ਕਾਬਿਲੇਗੌਰ ਹੈ ਕਿ ਨਵਰਾਤਰੀ ਦੇ ਤਿਓਹਾਰਾਂ ਕਰਕੇ ਸ਼ਿੰਦੇ ਵੱਲੋਂ ਵੱਧ ਸਫ਼ਰ ਕੀਤਾ ਜਾ ਰਿਹਾ ਹੈ ਤੇ ਉਹ ਵਿਜੈ ਦਸ਼ਮੀ ਮੌਕੇ ਬਾਂਦਰਾ ਕੁਰਲਾ ਕੰਪਲੈਕਸ ਮੈਦਾਨ ਵਿਚ ਦਸਹਿਰਾ ਰੈਲੀ ਨੂੰ ਵੀ ਸੰਬੋਧਨ ਕਰਨਗੇ। -ਆਈਏਐੱਨਐੱਸ