ਚਿਤਰਦੁਰਗ, 12 ਅਕਤੂਬਰ
ਕਾਂਗਰਸ ਨੇ ਅੱਜ ਕਿਹਾ ਕਿ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਤੇ ਭਾਜਪਾ ਆਗੂ ਬੀਐੱਸ ਯੇਦੀਯੁਰੱਪਾ ਦਾ ਇੱਕ ਦਲਿਤ ਦੇ ਘਰ ਨਾਸ਼ਤਾ ਕਰਨਾ ਸੂਬੇ ’ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਾਂ ਲਈ ਖਿਚਵਾਈਆਂ ਗਈਆਂ ਤਸਵੀਰਾਂ ਹਨ। ਵਿਰੋਧੀ ਧਿਰ ਦੇ ਨੇਤਾ ਸਿੱਧਰਮੱਈਆ ਨੇ ਦੋਸ਼ ਲਾਇਆ ਕਿ ਭਾਜਪਾ ਦੀ ਸਰਕਾਰ ਨੇ ਦਲਿਤਾਂ ਤੇ ਹੋਰ ਪੱਛੜੇ ਵਰਗਾਂ ਦੀ ਭਲਾਈ ਲਈ ਕੁਝ ਨਹੀਂ ਕੀਤਾ। ਰਾਹੁਲ ਗਾਂਧੀ ਦੀ ਅਗਵਾਈ ਹੇਠ ਕੱਢੀ ਜਾ ਰਹੀ ‘ਭਾਰਤ ਜੋੜੋ ਯਾਤਰਾ’ ’ਚ ਸ਼ਾਮਲ ਹੋਣ ਇੱਥੇ ਪਹੁੰਚੇ ਸਿੱਧਰਮਈਆ ਨੇ ਇੱਕ ਸਵਾਲ ਦੇ ਜਵਾਬ ’ਚ ਪੱਤਰਕਾਰਾਂ ਨੂੰ ਕਿਹਾ, ‘ਕਿਉਂਕਿ ਚੋਣਾਂ ਆ ਰਹੀਆਂ ਹਨ। ਉਹ ਦਲਿਤਾਂ, ਪੱਛੜੇ ਵਰਗਾਂ, ਐੱਸਸੀ-ਐੱਸਟੀ ਨੂੰ ਯਾਦ ਕਰਨ ਲੱਗੇ ਹਨ। ਹੁਣ ਤੱਕ ਇਸ ਸਰਕਾਰ ਨੇ ਉਨ੍ਹਾਂ ਦੀ ਭਲਾਈ ਲਈ ਕੁਝ ਨਹੀਂ ਕੀਤਾ। ਹੁਣ ਉਹ ਚੋਣਾਂ ਤੇ ਵੋਟਾਂ ਲਈ ਉਨ੍ਹਾਂ ਇਲਾਕਿਆਂ ਦਾ ਦੌਰਾ ਕਰ ਰਹੇ ਹਨ ਜਿੱਥੇ ਦਲਿਤ ਤੇ ਪੱਛੜੇ ਵਰਗ ਦੇ ਲੋਕ ਰਹਿੰਦੇ ਹਨ।’ ਜ਼ਿਕਰਯੋਗ ਹੈ ਕਿ ਭਾਜਪਾ ਦੀ ਜਨ ਸੰਕਲਪ ਯਾਤਰਾ ’ਚ ਸ਼ਾਮਲ ਬੋਮਈ, ਯੇਦੀਯੁਰੱਪਾ ਤੇ ਹੋਰ ਆਗੂਆਂ ਨੇ ਵਿਜੈਨਗਰ ਜ਼ਿਲ੍ਹੇ ਦੇ ਕਮਲਾਪੁਰਾ ਪਿੰਡ ’ਚ ਅੱਜ ਇੱਕ ਦਲਿਤ ਦੇ ਘਰ ਨਾਸ਼ਤਾ ਕੀਤਾ। -ਪੀਟੀਆਈ
ਬੋਮਈ ਦੇ ਕਾਰਜਕਾਲ ’ਚ ਦਲਿਤਾਂ ’ਤੇ ਜ਼ੁਲਮ ਵਧੇ: ਸੁਰਜੇਵਾਲਾ
ਕਾਂਗਰਸ ਦੇ ਜਨਰਲ ਸਕੱਤਰ ਤੇ ਪਾਰਟੀ ਦੀ ਕਰਨਾਟਕ ਇਕਾਈ ਦੇ ਇੰਚਾਰਜ ਰਣਦੀਪ ਸਿੰਘ ਸੁਰਜੇਵਾਲਾ ਨੇ ਚਿੱਕਮੰਗਲੁਰੂ ’ਚ ਦਲਿਤ ਕਾਰਕੁਨਾਂ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੇ ਜਾਣ ਅਤੇ ਉਨ੍ਹਾਂ ਨੂੰ ਬੰਧਕ ਬਣਾਏ ਜਾਣ ਦੀ ਘਟਨਾ ਦਾ ਜ਼ਿਕਰ ਕਰਦਿਆਂ ਬੋਮਈ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਸੁਰਜੇਵਾਲਾ ਨੇ ਟਵੀਟ ਕਰਕੇ ਦੋਸ਼ ਲਾਇਆ, ‘ਕਰਨਾਟਕ ’ਚ ਬੋਮਈ ਸਰਕਾਰ ਦੇ ਕਾਰਜਕਾਲ ਵਿੱਚ ਦਲਿਤਾਂ ’ਤੇ ਜ਼ੁਲਮ ਪਿਛਲੇ ਸਾਲ ਮੁਕਾਬਲੇ 54 ਫੀਸਦ ਵਧੇ ਹਨ। ਬੋਮਈ-ਬੀਐੱਸਵਾਈ (ਯੇਦੀਯੁਰੱਪਾ) ਜਿੱਥੇ ਇੱਕ ਦਲਿਤ ਦੇ ਘਰ ਜਾਣ ਦੀਆਂ ਤਸਵੀਰਾਂ ਖਿਚਵਾਉਂਦੇ ਹਨ ਉੱਥੇ ਹੀ ਭਾਜਪਾ ਨੇਤਾ ਨੇ 16 ਦਲਿਤਾਂ ਨੂੰ ਬੰਧਕ ਬਣਾ ਲਿਆ ਤੇ ਇੱਕ ਮਹਿਲਾ ਨੂੰ ਆਪਣਾ ਬੱਚਾ ਗੁਆਉਣਾ ਪਿਆ।’