ਪਟਨਾ, 27 ਦਸੰਬਰ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਦੇਸ਼ ਦੇ ਲੋਕਾਂ ਨੂੰ ਕਿਹਾ ਹੈ ਕਿ ਜੇ ਉਹ ਸ਼ਰਾਬ ਪੀਣ ਦੇ ਚਾਹਵਾਨ ਹਨ ਤਾਂ ਬਿਹਾਰ ਵਿਚ ਆਉਣ ਤੋਂ ਗੁਰੇਜ਼ ਕਰਨ। ਸਾਸਾਰਾਮ ਨੇੜੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਨਿਤੀਸ਼ ਨੇ ਕਿਹਾ ਕਿ ਮਹਾਤਮਾ ਗਾਂਧੀ ਵੀ ਪੂਰੇ ਦੇਸ਼ ਵਿਚ ਸ਼ਰਾਬ ਉਤੇ ਪਾਬੰਦੀ ਚਾਹੁੰਦੇ ਸਨ। ਇਸੇ ਦੌਰਾਨ ਚੀਫ ਜਸਟਿਸ ਐਨ.ਵੀ. ਰਾਮੰਨਾ ਨੇ ਵਿਜੈਵਾੜਾ ਵਿਚ ਇਕ ਸਮਾਗਮ ਦੌਰਾਨ ਕਿਹਾ ਕਿ ਬਿਹਾਰ ਵਿਚ ਨਿਤੀਸ਼ ਸਰਕਾਰ ਵੱਲੋਂ ਸ਼ਰਾਬ ਉਤੇ ਲਾਈ ਪਾਬੰਦੀ ਦੇ ਫ਼ੈਸਲੇ ’ਚ ‘ਦੂਰਅੰਦੇਸ਼ੀ ਦੀ ਘਾਟ’ ਹੈ। ਉਨ੍ਹਾਂ ਕਿਹਾ ਕਿ ਹਰ ਨੀਤੀ ਲਈ ਭਵਿੱਖੀ ਯੋਜਨਾਬੰਦੀ ਹੋਣੀ ਚਾਹੀਦੀ ਹੈ। ਇਸ ਦੀ ਸਮੀਖਿਆ ਹੋਣੀ ਚਾਹੀਦੀ ਹੈ ਤੇ ਲਾਗੂ ਕਰਨ ਤੋਂ ਪਹਿਲਾਂ ਦੇਖਣਾ ਚਾਹੀਦਾ ਹੈ ਕਿ ਕੀ ਇਹ ਸੰਵਿਧਾਨਕ ਤੌਰ ’ਤੇ ਸਹੀ ਹੈ।
ਚੀਫ ਜਸਟਿਸ ਨੇ ਕਿਹਾ ਕਿ ਬਿਹਾਰ ਵਿਚ 2016 ਤੋਂ ਸ਼ਰਾਬਬੰਦੀ ਮਗਰੋਂ ਇਸ ਨਾਲ ਜੁੜੇ ਕਈ ਕੇਸ ਅਦਾਲਤਾਂ ਵਿਚ ਲਟਕ ਰਹੇ ਹਨ। ਜ਼ਮਾਨਤ ਦੇ ਕੇਸਾਂ ਨੂੰ ਵੀ ਇਕ ਸਾਲ ਦਾ ਸਮਾਂ ਲੱਗ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਟਨਾ ਹਾਈ ਕੋਰਟ ਨੇ ਵੀ ਸ਼ਰਾਬ ਉਤੇ ਪਾਬੰਦੀ ਖ਼ਿਲਾਫ਼ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ। -ਆਈਏਐਨਐੱਸ