ਨਵੀਂ ਦਿੱਲੀ, 3 ਜੁਲਾਈ
ਕੈਲੀਫੋਰਨੀਆ ਦੀ ਕਾਰਜਕਾਰੀ ਗਵਰਨਰ ਐਲੇਨੀ ਕੌਨਾਲਕਿਸ ਨੇ ਅੱਜ ਅਮਰੀਕਾ ਦੇ ਸਾਂ ਫਰਾਂਸਿਸਕੋ ’ਚ ਭਾਰਤੀ ਕੌਂਸਲ ਜਨਰਲ ਦੀ ਰਿਹਾਇਸ਼ ’ਤੇ ਭਾਰਤ ਦੇ ਚੀਫ ਜਸਟਿਸ ਐੱਨਵੀ ਰਾਮੰਨਾ ਨਾਲ ਮੁਲਾਕਾਤ ਕੀਤੀ। ਇੱਕ ਅਧਿਕਾਰੀ ਨੇ ਇੱਥੇ ਦੱਸਿਆ ਕਿ ਸੀਜੇਆਈ ਆਪਣੀ ਪਤਨੀ ਸ਼ਿਵਮਾਲਾ ਨਾਲ ਅਮਰੀਕਾ ਦੀ ਯਾਤਰਾ ’ਤੇ ਹਨ ਅਤੇ ਉਨ੍ਹਾਂ ਕੌਨਾਲਕਿਸ ਨੂੰ ਮਹਾਤਮਾ ਗਾਂਧੀ ਦੀ ਸਵੈ ਜੀਵਨੀ ਦੀ ਇੱਕ ਕਾਪੀ ਦਿੱਤੀ। ਅਮਰੀਕਾ ਤੋਂ ਪਹਿਲਾਂ ਉਹ ਜਰਮਨੀ ਗਏ ਸਨ। ਕੌਨਾਲਕਿਸ ਕੈਲੀਫੋਰਨੀਆ ਦੇ ਸਾਂ ਫਰਾਂਸਿਸਕੋ ’ਚ ਭਾਰਤੀ ਕੌਂਸਲ ਜਰਨਲ ਦੀ ਸਰਕਾਰੀ ਰਿਹਾਇਸ਼ ’ਤੇ ਗਏ ਸਨ। ਇਸ ਤੋਂ ਇੱਕ ਦਿਨ ਪਹਿਲਾਂ ਸੀਜੇਆਈ ਨੇ ਸਾਂ ਫਰਾਂਸਿਸਕੋ ’ਚ ਐਸੋਸੀਏਸ਼ਨ ਆਫ ਇੰਡੀਅਨ ਅਮੈਰੀਕਨਜ਼ ਵੱਲੋਂ ਕਰਵਾਏ ਇੱਕ ਸਮਾਗਮ ਨੂੰ ਸੰਬੋਧਨ ਕੀਤਾ ਸੀ ਤੇ ਇਸ ਗੱਲ ’ਤੇ ਨਿਰਾਸ਼ਾ ਜ਼ਾਹਿਰ ਕੀਤੀ ਸੀ ਕਿ ਆਜ਼ਾਦੀ ਦੇ 75 ਸਾਲ ਵੀ ਲੋਕਾਂ ਨੇ ਸੰਵਿਧਾਨ ਵੱਲੋਂ ਹਰੇਕ ਸੰਸਥਾ ਨੂੰ ਦਿੱਤੀ ਭੂਮਿਕਾ ਤੇ ਜ਼ਿੰਮੇਵਾਰੀਆਂ ਬਾਰੇ ਨਹੀਂ ਸਮਝਿਆ। ਉਨ੍ਹਾਂ ਕਿਹਾ ਸੀ ਕਿ ਭਾਰਤ ’ਚ ਸੱਤਾ ’ਤੇ ਬੈਠੀ ਹਰ ਪਾਰਟੀ ਨੂੰ ਲੱਗਦਾ ਹੈ ਕਿ ਸਰਕਾਰ ਦੇ ਹਰ ਕਦਮ ਨੂੰ ਨਿਆਂਇਕ ਹਮਾਇਤ ਮਿਲੇ ਤੇ ਵਿਰੋਧੀ ਧਿਰ ਉਮੀਦ ਕਰਦੇ ਹਨ ਕਿ ਨਿਆਂਪਾਲਿਕਾ ਉਨ੍ਹਾਂ ਦੇ ਸਿਆਸੀ ਰੁਖ਼ ਤੇ ਮਕਸਦ ਨੂੰ ਅੱਗੇ ਵਧਾਏ ਪਰ ਨਿਆਂਪਾਲਿਕਾ ਸਿਰਫ਼ ਸੰਵਿਧਾਨ ਪ੍ਰਤੀ ਜਵਾਬਦੇਹ ਹੈ। -ਪੀਟੀਆਈ