ਮੁੱਖ ਅੰਸ਼
- ਤਿੰਨ ਸਾਲ ਦੇ ਕਾਰਜਕਾਲ ਮਗਰੋਂ ਅਕਾਦਮਿਕ ਖੇਤਰ ’ਚ ਪਰਤਣ ਦਾ ਫੈਸਲਾ
- ਹਮਾਇਤ ਲਈ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਦਾ ਧੰਨਵਾਦ ਕੀਤਾ
ਨਵੀਂ ਦਿੱਲੀ, 8 ਅਕਤੂਬਰ
ਮੁੱਖ ਆਰਥਿਕ ਸਲਾਹਕਾਰ ਕੇ.ਵੀ.ਸੁਬਰਾਮਨੀਅਨ ਨੇ ਵਿੱਤ ਮੰਤਰਾਲੇ ’ਚ ਆਪਣਾ ਤਿੰਨ ਸਾਲ ਦਾ ਕਾਰਜਕਾਲ ਮੁਕੰਮਲ ਹੋਣ ਮਗਰੋਂ ਅਕਾਦਮਿਕ ਲਾਈਨ ਵਿੱਚ ਮੁੜਨ ਦਾ ਫ਼ੈਸਲਾ ਕੀਤਾ ਹੈ। ਸਰਕਾਰ ਨੇ ਆਈਐੱਸਬੀ ਹੈਦਰਾਬਾਦ ’ਚ ਪ੍ਰੋਫੈਸਰ ਰਹੇ ਸੁਬਰਾਮਨੀਅਨ ਨੂੰ ਦਸੰਬਰ 2018 ਵਿੱਚ ਆਪਣਾ ਮੁੱਖ ਆਰਥਿਕ ਸਲਾਹਕਾਰ ਨਿਯੁਕਤ ਕੀਤਾ ਸੀ। ਉਨ੍ਹਾਂ ਅਰਵਿੰਦ ਸੁਬਰਾਮਨੀਅਨ ਦੀ ਥਾਂ ਲਈ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਟਵੀਟ ਵਿੱਚ ਕੇ.ਵੀ.ਸੁਬਰਾਮਨੀਅਨ ਨੂੰ ਭਵਿੱਖੀ ਯੋਜਨਾਵਾਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਹਨ। ਸੁਬਰਾਮਨੀਅਨ ਨੇ ਇਕ ਬਿਆਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦਾ ਉਨ੍ਹਾਂ ਵੱਲੋਂ ਮਿਲੀ ਹਮਾਇਤ ਤੇ ਉਤਸ਼ਾਹੀ ਅਗਵਾਈ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ, ‘‘ਮੈਂ ਤਿੰਨ ਸਾਲ ਦਾ ਆਪਣਾ ਕਾਰਜਕਾਲ ਮੁਕੰਮਲ ਹੋਣ ਮਗਰੋਂ ਅਕਾਦਮਿਕ ਖੇਤਰ ਵਿੱਚ ਪਰਤਣ ਦਾ ਫੈਸਲਾ ਕੀਤਾ ਹੈ।’’ ਸੁਬਰਾਮਨੀਅਨ ਨੇ ਕਿਹਾ ਕਿ ਉਹ ਇਸ ਸਾਲ ਦੇ ਅੰਤ ਤੱਕ ਆਪਣਾ ਅਹੁਦਾ ਛੱਡ ਦੇਣਗੇ। ਮੁੱਖ ਆਰਥਿਕ ਸਲਾਹਕਾਰ ਨੇ ਇਕ ਟਵੀਟ ਵਿੱਚ ਕਿਹਾ ਕਿ ਦੇਸ਼ ਦੀ ਸੇਵਾ ਕਰਨਾ ਕਿਸੇ ਸੁਭਾਗ ਤੋਂ ਘੱਟ ਨਹੀਂ ਸੀ। ਉਨ੍ਹਾਂ ਕਿਹਾ, ‘‘ਮੈਨੂੰ ਆਪਣੇ ਕਾਰਜਕਾਲ ਦੌਰਾਨ ਸਰਕਾਰ ਤੋਂ ਪੂਰੀ ਹਮਾਇਤ ਤੇ ਹੱਲਾਸ਼ੇਰੀ ਮਿਲੀ।’’ ਸੁਬਰਾਮਨੀਅਨ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। -ਪੀਟੀਆਈ