ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਅਗੂ ਪੀ ਚਿਦੰਬਰਮ ਨੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਹਿਰਾਸਤ ’ਚ ਲਏ ਜਾਣ ਨੂੰ ਗੈਰਕਾਨੂੰਨੀ ਕਦਮ ਕਰਾਰ ਦਿੰਦਿਆਂ ਅੱਜ ਕਿਹਾ ਕਿ ਤੱਥਾਂ ਤੋਂ ਸਾਬਤ ਹੁੰਦਾ ਹੈ ਕਿ ਉੱਤਰ ਪ੍ਰਦੇਸ਼ ’ਚ ਕਾਨੂੰਨ ਦਾ ਰਾਜ ਨਹੀਂ ਹੈ ਅਤੇ ਉੱਥੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਆਪਣਾ ਕਾਨੂੰਨ ਚੱਲ ਰਿਹਾ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, ‘ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਹਿਰਾਸਤ ’ਚ ਲਏ ਜਾਣ ਨਾਲ ਜੁੜੇ ਤੱਥ ਤੇ ਹਾਲਾਤ ਇਹ ਸਾਬਤ ਕਰਦੇ ਹਨ ਕਿ ਉਤਰ ਪ੍ਰਦੇਸ਼ ’ਚ ਕਾਨੂੰਨ ਦਾ ਰਾਜ ਨਹੀਂ ਹੈ। ਉਨ੍ਹਾਂ ਨੂੰ ਹਿਰਾਸਤ ’ਚ ਲੈਣਾ ਅਤੇ ਗ੍ਰਿਫ਼ਤਾਰੀ ਪੂਰੀ ਤਰ੍ਹਾਂ ਗ਼ੈਰ ਕਾਨੂੰਨੀ ਤੇ ਸੱਤਾ ਦੀ ਦੁਰਵਰਤੋਂ ਹੈ।’ ਕਾਂਗਰਸ ਆਗੂ ਨੇ ਕਿਹਾ, ‘ਕਿਸੇ ਵੀ ਔਰਤ ਨੂੰ ਸ਼ਾਮ ਤੋਂ ਬਾਅਦ ਤੇ ਸੂਰਜ ਚੜ੍ਹਨ ਤੋਂ ਪਹਿਲਾਂ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ। ਜਦਕਿ ਪ੍ਰਿਯੰਕਾ ਗਾਂਧੀ ਨੂੰ ਤੜਕੇ 4.30 ਵਜੇ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਨੂੰ ਇੱਕ ਪੁਰਸ਼ ਅਧਿਕਾਰੀ ਨੇ ਗ੍ਰਿਫ਼ਤਾਰ ਕੀਤਾ ਜੋ ਕਿ ਗ਼ੈਰਕਾਨੂੰਨੀ ਹੈ।’ ਚਿਦੰਬਰਮ ਨੇ ਦੋਸ਼ ਲਾਇਆ ਕਿ ਅਜਿਹਾ ਲੱਗਦਾ ਹੈ ਕਿ ਉੱਤਰ ਪ੍ਰਦੇਸ਼ ’ਚ ਕਾਨੂੰਨ ਦਾ ਮਤਲਬ ਆਦਿੱਤਿਆਨਾਥ ਦਾ ਕਾਨੂੰਨ ਤੇ ਪ੍ਰਬੰਧ ਦਾ ਮਤਲਬ ਆਦਿੱਤਿਆਨਾਥ ਦਾ ਪ੍ਰਬੰਧ ਹੈ। ਇਹ ਵੀ ਲੱਗਦਾ ਹੈ ਕਿ ਉੱਤਰ ਪ੍ਰਦੇਸ਼ ਪੁਲੀਸ ਕਾਨੂੰਨ ਦਾ ਪਾਲਣ ਨਹੀਂ ਕਰ ਰਹੀ ਬਲਕਿ ਆਦਿੱਤਿਆਨਾਥ ਦੇ ਕਾਨੂੰਨ ਤੇ ਪ੍ਰਬੰਧ ਅਨੁਸਾਰ ਚੱਲ ਰਹੀ ਹੈ। -ਪੀਟੀਆਈ