ਪਣਜੀ, 1 ਨਵੰਬਰ
ਸਾਬਕਾ ਕੇਂਦਰੀ ਵਿੱਤ ਮੰਤਰੀ ਪੀ ਚਿਦੰਬਰਮ ਨੇ ਕੇਂਦਰ ਸਰਕਾਰ ’ਤੇ ਤਨਜ਼ ਕਸਦਿਆਂ ਕਿਹਾ ਹੈ ਕਿ ਮੋਦੀ ਸਰਕਾਰ ਸ਼ਾਇਦ ਇਹ ਸੋਚਦੀ ਹੈ ਕਿ ਕ੍ਰਿਕਟ ’ਚ ਹੁਣ ਬਹੁਤੇ ਸੈਂਕੜੇ ਨਹੀਂ ਲੱਗ ਰਹੇ ਹਨ ਤਾਂ ਉਨ੍ਹਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸੈਂਕੜੇ ਤੋਂ ਪਾਰ ਪਹੁੰਚਾ ਦਿੱਤੀਆਂ ਹਨ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਹੈਰਾਨੀ ਜਤਾਈ ਕਿ ਕੇਂਦਰ ਸਰਕਾਰ ਵੱਲੋਂ ਦੀਵਾਲੀ ਮੌਕੇ ਵੀ ਈਂਧਣ ਦੀਆਂ ਕੀਮਤਾਂ ਵਧਾਈਆਂ ਜਾ ਰਹੀਆਂ ਹਨ। ਚਿਦੰਬਰਮ ਨੇ ਕਿਹਾ ਕਿ ਸਰਕਾਰ ਨੂੰ ਦੀਵਾਲੀ ਮੌਕੇ ਇਹ ਕਦਮ ਨਹੀਂ ਉਠਾਉਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪੈਟਰੋਲ ਦੇ ਨਾਲ ਹੀ ਡੀਜ਼ਲ ਦੀ ਕੀਮਤ ਵੀ ਅਸਮਾਨੀਂ ਛੂਹ ਰਹੀ ਹੈ। ਉਨ੍ਹਾਂ ਕਿਹਾ,‘‘ਮੋਦੀ ਸਰਕਾਰ ਨੇ ਜਦੋਂ ਖੂਨ ਪੀਣ ਦਾ ਫ਼ੈਸਲਾ ਕਰ ਹੀ ਲਿਆ ਹੈ ਤਾਂ ਉਹ ਬੂੰਦ-ਬੂੰਦ ਖੂਨ ਕਿਉਂ ਚੂਸ ਰਹੀ ਹੈ। ਕਿਉਂ ਨਾ ਇਕੋ ਵਾਰ ਹੀ ਖੂਨ ਨਿਚੋੜ ਲਿਆ ਜਾਵੇ। ਤੇਲ ਕੀਮਤਾਂ ਦਾ ਸਭ ਤੋਂ ਮਾੜਾ ਅਸਰ ਗਰੀਬਾਂ ’ਤੇ ਪੈ ਰਿਹਾ ਹੈ।’’ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ’ਚ ਕੀਮਤਾਂ ਵਧਣ ਦਾ ਮੂਲ ਕਾਰਨ ਵਧੇਰੇ ਟੈਕਸ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੈਟਰੋਲ ’ਤੇ 33 ਅਤੇ ਡੀਜ਼ਲ ’ਤੇ 32 ਫ਼ੀਸਦ ਟੈਕਸ ਵਸੂਲਿਆ ਜਾ ਰਿਹਾ ਹੈ ਜੋ ਸਵੀਕਾਰਨਯੋਗ ਨਹੀਂ ਹੈ। ਚਿਦੰਬਰਮ ਨੇ ਕਿਹਾ ਕਿ ਇਹ ਕਾਰਪੋਰਟ ਟੈਕਸ ਤੋਂ ਵੀ ਜ਼ਿਆਦਾ ਹੈ ਅਤੇ ਜਿਹੜੇ ਕਾਰਪੋਰੇਟ ਅਰਬਾਂ ਰੁਪਏ ਬਣਾਉਂਦੇ ਹਨ, ਉਨ੍ਹਾਂ ’ਤੇ ਟੈਕਸ ਦੀ ਦਰ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਇਕਾਈ ਵੱਲੋਂ 4 ਨਵੰਬਰ ਨੂੰ ਵਧਦੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ। -ਆਈਏਐਨਐਸ