ਰਾਏਪੁਰ, 27 ਮਈ
ਛੱਤੀਸਗੜ੍ਹ ਜ਼ਿਲ੍ਹੇ ਦੇ ਆਦਿਵਾਸੀ ਭਲਾਈ ਵਿਭਾਗ ਦੇ ਅਧਿਕਾਰੀ ਨੇ ਅਮਲੇ ਨੂੰ ਫਰਮਾਨ ਜਾਰੀ ਕੀਤਾ ਹੈ ਕਿ ਜੇਕਰ ਉਨ੍ਹਾਂ ਕਰੋਨਾ ਤੋਂ ਬਚਾਅ ਦੀ ਵੈਕਸੀਨ ਨਹੀਂ ਲਗਵਾਈ ਤਾਂ ਉਨ੍ਹਾਂ ਦੀ ਅਗਲੇ ਮਹੀਨੇ ਦੀ ਤਨਖਾਹ ਰੋਕ ਲਈ ਜਾਵੇਗੀ। ਗੌਰੇਲਾ-ਪੇਂਡਰਾ-ਮਾੜਵਾਹੀ ਜ਼ਿਲ੍ਹੇ ’ਚ ਸਹਾਇਕ ਕਮਿਸ਼ਨਰ ਕੇ ਐੱਸ ਮਾਸਰਾਮ ਵੱਲੋਂ ਜਾਰੀ ਹੁਕਮਾਂ ਦੀ ਕਾਪੀ ਵਾਇਰਲ ਹੋ ਗਈ ਹੈ ਜਿਸ ’ਚ ਕੁਝ ਲੋਕਾਂ ਨੇ ਨਾਰਾਜ਼ਗੀ ਜਤਾਈ ਹੈ। ਹੁਕਮਾਂ ’ਚ ਕਿਹਾ ਹੈ ਕਿ ਆਦਿਵਾਸੀ ਭਲਾਈ ਵਿਭਾਗ ਦੇ ਦਫ਼ਤਰਾਂ, ਆਸ਼ਰਮਾਂ ਤੇ ਹੋਸਟਲਾਂ ’ਚ ਕੰਮ ਕਰਦੇ ਮੁਲਾਜ਼ਮ ਵੈਕਸੀਨੇਸ਼ਨ ਦਾ ਕਾਰਡ ਦਫ਼ਤਰ ’ਚ ਜਮ੍ਹਾਂ ਕਰਾਉਣ। ਜੇਕਰ ਉਨ੍ਹਾਂ ਵੈਕਸੀਨ ਨਾ ਲਵਾਈ ਤਾਂ ਉਨ੍ਹਾਂ ਦੀ ਅਗਲੇ ਮਹੀਨੇ ਦੀ ਤਨਖ਼ਾਹ ਰੋਕ ਲਈ ਜਾਵੇਗੀ। -ਪੀਟੀਆਈ