ਰਾਏਪੁਰ, 11 ਅਕਤੂਬਰ
ਈਡੀ ਨੇ ਅੱਜ ਛੱਤੀਸਗੜ੍ਹ ਵਿਚ ਵੱਖ-ਵੱਖ ਥਾਵਾਂ ਉਤੇ ਛਾਪੇ ਮਾਰੇ ਹਨ। ਐੱਨਫੋਰਸਮੈਂਟ ਡਾਇਰੈਕਟੋਰੇਟ ਨੇ ਸੀਨੀਅਰ ਅਧਿਕਾਰੀਆਂ, ਕਾਰੋਬਾਰੀਆਂ ਤੇ ਸੱਤਾਧਾਰੀ ਧਿਰ ਕਾਂਗਰਸ ਦੇ ਸਿਆਸੀ ਆਗੂਆਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਹੈ। ਏਜੰਸੀ ਦੀਆਂ ਵੱਖ-ਵੱਖ ਟੀਮਾਂ ਨੇ ਰਾਜਧਾਨੀ ਰਾਏਪੁਰ, ਰਾਇਗੜ੍ਹ, ਮਹਾਸਮੁੰਦ, ਕੋਰਬਾ ਤੇ ਹੋਰਨਾਂ ਜ਼ਿਲ੍ਹਿਆਂ ਵਿਚ ਅੱਜ ਸਵੇਰੇ ਛਾਪੇ ਮਾਰਨੇ ਸ਼ੁਰੂ ਕੀਤੇ ਸਨ। ਛਾਪੇ ਜ਼ਿਲ੍ਹਾ ਕੁਲੈਕਟਰ ਤੇ ਕੁਝ ਸੀਨੀਅਰ ਅਧਿਕਾਰੀਆਂ ’ਤੇ ਮਾਰੇ ਗਏ ਹਨ ਪਰ ਵਿਸਥਾਰ ਵਿਚ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਛੱਤੀਸਗੜ੍ਹ ਕਾਂਗਰਸ ਦੇ ਸੰਚਾਰ ਸੈੱਲ ਦੇ ਮੁਖੀ ਸੁਸ਼ੀਲ ਆਨੰਦ ਸ਼ੁਕਲਾ ਨੇ ਕਿਹਾ ਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਵਿਰੋਧੀ ਧਿਰ ਭਾਜਪਾ ਸੂਬੇ ਵਿਚ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਸਕਦੀ ਹੈ ਕਿਉਂਕਿ ਸਿਆਸੀ ਮੁਕਾਬਲੇ ’ਚ ਇਹ ਨਾਕਾਮ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭੁਪੇਸ਼ ਬਘੇਲ ਵੀ ਇਸ ਬਾਰੇ ਕਈ ਵਾਰ ਖ਼ਦਸ਼ਾ ਜ਼ਾਹਿਰ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇ ਕਾਰਵਾਈ ਕਾਨੂੰਨ ਮੁਤਾਬਕ ਹੁੰਦੀ ਹੈ ਤਾਂ ਕੋਈ ਮੁਸ਼ਕਲ ਨਹੀਂ ਹੈ, ਪਰ ਭਾਜਪਾ ਦਬਾਅ ਬਣਾਉਣ ਲਈ ਪੂਰੇ ਦੇਸ਼ ਵਿਚ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਜਿਹੇ ਹੱਥਕੰਡਿਆਂ ਤੋਂ ਡਰੇਗੀ ਨਹੀਂ।-ਪੀਟੀਆਈ