ਰਾਏਪੁਰ, 13 ਅਕਤੂਬਰ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਮਾਮਲੇ ’ਚ ਛੱਤੀਸਗੜ੍ਹ ਕਾਡਰ ਦੇ ਇਕ ਆਈਏਐੱਸ ਅਫ਼ਸਰ ਸਮੀਰ ਵਿਸ਼ਨੋਈ ਅਤੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਬੇ ’ਚ ਇਸ ਹਫ਼ਤੇ ਦੇ ਸ਼ੁਰੂ ’ਚ ਕੋਲਾ ਕਾਰੋਬਾਰ ਨਾਲ ਜੁੜੇ ਮਾਮਲੇ ’ਚ ਛਾਪੇ ਮਾਰੇ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਕਾਰੋਬਾਰੀ ਇੰਦਰਾਮਨੀ ਗਰੁੱਪ ਦੇ ਸੁਨੀਲ ਅਗਰਵਾਲ ਅਤੇ ਭਗੌੜੇ ਕਾਰੋਬਾਰੀ ਸੂਰਿਆਕਾਂਤ ਤਿਵਾੜੀ ਦੇ ਰਿਸ਼ਤੇਦਾਰ ਲਕਸ਼ਮੀਕਾਂਤ ਤਿਵਾੜੀ ਨੂੰ ਵੀ ਸਵੇਰੇ ਹਿਰਾਸਤ ’ਚ ਲਿਆ ਗਿਆ ਹੈ।
2009 ਬੈਚ ਦਾ ਆਈਏਐੱਸ ਅਧਿਕਾਰੀ ਸਮੀਰ ਇਸ ਸਮੇਂ ਛੱਤੀਸਗੜ੍ਹ ਇੰਫੋਟੈੱਕ ਪ੍ਰਮੋਸ਼ਨ ਸੁਸਾਇਟੀ ਦੇ ਸੀਈਓ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ। ਉਸ ਤੋਂ ਬੁੱਧਵਾਰ ਨੂੰ ਰਾਏਪੁਰ ’ਚ ਕੁਝ ਹੋਰਾਂ ਦੇ ਨਾਲ ਪੁੱਛ-ਪੜਤਾਲ ਕੀਤੀ ਗਈ ਸੀ। ਉਸ ਕੋਲ ਛੱਤੀਸਗੜ੍ਹ ਸਟੇਟ ਕੋਆਪ੍ਰੇਟਿਵ ਮਾਰਕੀਟਿੰਗ ਫੈਡਰੇਸ਼ਨ ਦੇ ਐੱਮਡੀ ਦਾ ਵਾਧੂ ਕਾਰਜਭਾਰ ਵੀ ਹੈ। ਵਕੀਲ ਲਕਸ਼ਮੀਕਾਂਤ ਤਿਵਾੜੀ ਦੇ ਟਿਕਾਣਿਆਂ ’ਤੇ ਛਾਪੇ ਵੀ ਮਾਰੇ ਗਏ ਸਨ। ਰਾਏਪੁਰ ਆਧਾਰਿਤ ਅਗਰਵਾਲ ਪਿਛਲੇ ਇਕ ਦਹਾਕੇ ਤੋਂ ਕੋਲਾ ਕਾਰੋਬਾਰ ’ਚ ਹੈ ਅਤੇ ਉਸ ਦੇ ਸੀਨੀਅਰ ਸਿਆਸਤਦਾਨਾਂ ਨਾਲ ਸਬੰਧ ਵੀ ਹਨ। ਏਜੰਸੀ ਨੇ ਆਈਏਐੱਸ ਅਫ਼ਸਰ ਅਤੇ ਰਾਏਗੜ੍ਹ ਜ਼ਿਲ੍ਹਾ ਕੁਲੈਕਟਰ ਰਾਨੂ ਸਾਹੂ ਦੀ ਰਿਹਾਇਸ਼ ਨੂੰ ਸੀਲ ਕਰ ਦਿੱਤਾ ਹੈ ਕਿਉਂਕਿ ਉਹ ਛਾਪਿਆਂ ਦੌਰਾਨ ਹਾਜ਼ਰ ਨਹੀਂ ਸਨ।
ਸਾਹੂ ਨੇ ਈਡੀ ਨੂੰ ਦੱਸਿਆ ਹੈ ਕਿ ਉਹ ਬਿਮਾਰ ਹੈ ਅਤੇ ਉਹ ਜਾਂਚ ’ਚ ਸਹਿਯੋਗ ਦੇਵੇਗੀ। ਉਂਜ ਈਡੀ ਸੂਤਰਾਂ ਨੇ ਕਿਹਾ ਕਿ 2010 ਬੈਚ ਦੀ ਆਈਏਐੱਸ ਅਫ਼ਸਰ ਅਜੇ ਤੱਕ ਪੇਸ਼ ਨਹੀਂ ਹੋਈ ਹੈ। ਇਹ ਗ੍ਰਿਫ਼ਤਾਰੀਆਂ ਉਸ ਸਮੇਂ ਹੋਈਆਂ ਹਨ ਜਦੋਂ 11 ਅਕਤੂਬਰ ਨੂੰ ਛੱਤੀਸਗੜ੍ਹ ’ਚ ਕਈ ਛਾਪੇ ਮਾਰੇ ਗਏ ਸਨ। ਸਰਕਾਰੀ ਅਧਿਕਾਰੀਆਂ, ਕਾਰੋਬਾਰੀਆਂ ਅਤੇ ਪ੍ਰਾਈਵੇਟ ਕੰਪਨੀਆਂ ਦੇ ਕੋਇਲਾ ਤੇ ਖਣਨ ਟਰਾਂਸਪੋਰਟਰਾਂ ਵਿਚਕਾਰ ਗੰਢਤੁੱਪ ਦੇ ਦੋਸ਼ ਲੱਗੇ ਸਨ। ਈਡੀ ਟੀਮ ਨੇ ਰਾਏਗੜ੍ਹ ਅਤੇ ਕੋਰਬਾ ਜ਼ਿਲ੍ਹਿਆਂ ’ਚ ਮਾਈਨਿੰਗ ਦਫ਼ਤਰਾਂ ਦੀ ਵੀ ਜਾਂਚ ਕੀਤੀ। ਏਜੰਸੀ ਨੇ ਤਲਾਸ਼ੀ ਦੌਰਾਨ ਕਰੀਬ 4 ਕਰੋੜ ਰੁਪਏ ਅਤੇ ਜ਼ੇਵਰਾਤ ਵੀ ਜ਼ਬਤ ਕੀਤੇ ਹਨ। -ਪੀਟੀਆਈ