ਰਾਏਪੁਰ, 18 ਸਤੰਬਰ
ਛੱਤੀਸਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ (ਸੀਪੀਸੀਸੀ) ਨੇ ਅੱਜ ਰਾਹੁਲ ਗਾਂਧੀ ਨੂੰ ਪਾਰਟੀ ਦਾ ਕੌਮੀ ਪ੍ਰਧਾਨ ਬਣਾਏ ਜਾਣ ਸਬੰਧੀ ਮਤਾ ਪਾਸ ਕਰ ਦਿੱਤਾ ਹੈ। ਕਾਂਗਰਸ ਦੇ ਸੂਬਾਈ ਸੰਚਾਰ ਵਿੰਗ ਦੇ ਮੁਖੀ ਸੁਸ਼ੀਲ ਅਨੰਦ ਸ਼ੁਕਲਾ ਦੱਸਿਆ ਕਿ ਹੁਸੈਨ ਦਲਵਈ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਇਹ ਮਤਾ ਪਾਸ ਕੀਤਾ ਗਿਆ, ਜਿਸ ਵਿੱਚ ਛੱਤੀਸਗੜ੍ਹ ਕਾਂਗਰਸ ਦੇ 310 ਡੈਲੀਗੇਟਾਂ (ਜੋ ਪਾਰਟੀ ਪ੍ਰਧਾਨ ਦੀ ਚੋਣ ਲਈ ਵੋਟ ਵੀ ਪਾਉਣਗੇ) ਨੇ ਹਿੱਸਾ ਲਿਆ ਸੀ। ਜ਼ਿਕਰਯੋਗ ਹੈ ਕਿ ਛੱਤੀਸਗੜ੍ਹ ਕਾਂਗਰਸ ਨੇ ਇਸੇ ਤਰ੍ਹਾਂ ਦਾ ਇੱਕ ਮਤਾ ਇਸ ਸਾਲ ਜੂਨ ਵਿੱਚ ਪਾਸ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਨਾ ਚਾਹੀਦਾ ਹੈ। ਕਾਂਗਰਸ ਪ੍ਰਧਾਨਗੀ ਅਹੁਦੇ ਲਈ ਵੋਟਿੰਗ 17 ਅਕਤੂਬਰ ਨੂੰ ਹੋਵੇਗੀ ਤੇ 19 ਅਕਤੂਬਰ ਨੂੰ ਨਤੀਜੇ ਐਲਾਨੇ ਜਾਣਗੇ। ਕਾਂਗਰਸ ਨੇ ਕਿਹਾ ਕਿ ਨਾਮਜ਼ਦਗੀ ਵਾਪਸ ਲੈਣ ਤੋਂ ਬਾਅਦ ਜੇਕਰ ਇੱਕ ਉਮੀਦਵਾਰ ਮੈਦਾਨ ਵਿੱਚ ਰਹਿ ਜਾਂਦਾ ਹੈ ਤਾਂ ਪ੍ਰਧਾਨ ਦਾ ਨਾਮ ਅੱਠ ਅਕਤੂਬਰ ਨੂੰ ਹੀ ਐਲਾਨ ਦਿੱਤਾ ਜਾਵੇਗਾ। ਕਾਂਗਰਸ ਪ੍ਰਧਾਨ ਲਈ ਪਿਛਲੀ ਚੋਣ ਨਵੰਬਰ 2000 ਵਿੱਚ ਹੋਈ ਸੀ। ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਦਲਵਈ ਨੂੰ ਛੱਤੀਸਗੜ੍ਹ ਇਕਾਈ ਦਾ ਚੋਣ ਅਫਸਰ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਜਸਥਾਨ ਕਾਂਗਰਸ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਉਣ ਦਾ ਸਮਰਥਨ ਕਰ ਚੁੱਕੀ ਹੈ, ਜਦੋਂਕਿ ਗੁਜਰਾਤ ਕਾਂਗਰਸ ਨੇ ਵੀ ਮਤਾ ਪਾਸ ਕੀਤਾ ਹੈ। -ਪੀਟੀਆਈ
ਗੁਜਰਾਤ ਕਾਂਗਰਸ ਵੱਲੋਂ ਰਾਹੁਲ ਨੂੰ ਪ੍ਰਧਾਨ ਬਣਾਉਣ ਦੀ ਮੰਗ
ਅਹਿਮਦਾਬਾਦ: ਗੁਜਰਾਤ ਕਾਂਗਰਸ ਨੇ ਅੱਜ ਰਾਹੁਲ ਗਾਂਧੀ ਨੂੰ ਪਾਰਟੀ ਦਾ ਕੌਮੀ ਪ੍ਰਧਾਨ ਬਣਾਉਣ ਦੀ ਮੰਗ ਕੀਤੀ। ਕਾਂਗਰਸ ਦੀ ਸੂਬਾ ਕਾਰਜਕਾਰਨੀ ਕਮੇਟੀ ਦੀ ਇੱਥੇ ਹੋਈ ਮੀਟਿੰਗ ਵਿੱਚ ਸਾਰੇ ਮੈਂਬਰਾਂ ਨੇ ਤਾੜੀਆਂ ਨਾਲ ਇਸ ਮੰਗ ਸਬੰਧੀ ਮਤੇ ਦਾ ਸਮਰਥਨ ਕੀਤਾ। ਕਾਂਗਰਸ ਦੇ ਮੁੱਖ ਬੁਲਾਰੇ ਮਨੀਸ਼ ਦੋਸ਼ੀ ਨੇ ਕਿਹਾ ਕਿ ਸੂਬਾ ਕਾਰਜਕਾਰਨੀ ਦੀ ਮੀਟਿੰਗ ਵਿੱਚ ਸਾਰੇ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਰਾਹੁਲ ਗਾਂਧੀ ਨੂੰ ਆਲ ਇੰਡੀਆ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਇਆ ਜਾਵੇ। -ਪੀਟੀਆਈ
ਰਾਹੁਲ ਦਾ ਪਾਰਟੀ ’ਚ ਵਿਸ਼ੇਸ਼ ਸਥਾਨ ਬਣਿਆ ਰਹੇਗਾ: ਚਿਦੰਬਰਮ
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਨੇ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੁਖੀ ਦੇ ਅਹੁਦੇ ਲਈ ਆਮ ਸਹਿਮਤੀ ਦਾ ਸਮਰਥਨ ਕੀਤਾ। ਉਨ੍ਹਾਂ ਨਾਲ ਹੀ ਕਿਹਾ ਕਿ ਰਾਹੁਲ ਗਾਂਧੀ ਪਾਰਟੀ ਦੇ ਪ੍ਰਧਾਨ ਹੋਣ ਜਾਂ ਨਾ, ਪਰ ਉਨ੍ਹਾਂ ਦਾ ਪਾਰਟੀ ਵਿੱਚ ਹਮੇਸ਼ਾ ਵਿਸ਼ੇਸ਼ ਸਥਾਨ ਰਹੇਗਾ ਕਿਉਂਕਿ ਪਾਰਟੀ ਦੇ ਆਮ ਵਰਕਰਾਂ ਵਿੱਚ ਉਹ ਮਾਨਤਾ ਪ੍ਰਾਪਤ ਆਗੂ ਹਨ। -ਪੀਟੀਆਈ