ਭਰੁਚ, 23 ਫਰਵਰੀ
ਇੱਥੇ ਇੱਕ ਕੈਮੀਕਲ ਫੈਕਟਰੀ ’ਚ ਸਵੇਰੇ ਧਮਾਕਾ ਹੋਣ ਮਗਰੋਂ ਅੱਗ ਲੱਗ ਗਈ ਜਿਸ ਕਾਰਨ ਜਿੱਥੇ ਦੋ ਕਾਮਿਆਂ ਦੀ ਮੌਤ ਹੋ ਗਈ ਉੱਥੇ 26 ਜਣੇ ਜ਼ਖ਼ਮੀ ਹੋ ਗਏ ਜਦਕਿ ਪੰਜ ਕਾਮੇ ਅਜੇ ਵੀ ਲਾਪਤਾ ਹਨ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਸਥਾਨਕ ਪੁਲੀਸ ਸਟੇਸ਼ਨ ਦੇ ਇੰਸਪੈਕਟਰ ਪੀ ਐੱਚ ਵਸਾਵਾ ਨੇ ਦੱਸਿਆ ਕਿ ਇਹ ਘਟਨਾ ਯੂਨਾਈਟਿਡ ਫਾਸਫਰੋਸ ਲਿਮਟਿਡ ਦੇ ਝਗਾਡੀਆ ਜੀਆਈਡੀਸੀ ਇੰਡਸਟਰੀਅਲ ਏਰੀਆ ’ਚ ਸਥਿਤ ਪਲਾਂਟ ’ਚ ਵਾਪਰੀ। ਇਹ ਅੱਗ ਸਵੇਰੇ ਲਗਪਗ 2 ਵਜੇ ਲੱਗੀ। ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਪੁੱਜੀਆਂ ਜਿਨ੍ਹਾਂ ਸਵੇਰੇ 6.30 ਵਜੇ ਤੱਕ ਅੱਗ ’ਤੇ ਕਾਬੂ ਪਾਇਆ। ਸਥਾਨਕ ਸੂਤਰਾਂ ਮੁਤਾਬਕ ਬੁਆਇਲਰ ’ਚ ਧਮਾਕਾ ਹੋਣ ਕਾਰਨ ਇਹ ਘਟਨਾ ਵਾਪਰੀ ਜਦਕਿ ਪੁਲੀਸ ਮੁਤਾਬਕ ਘਟਨਾ ਦੀ ਜਾਂਚ ਚੱਲ ਰਹੀ ਹੈ। ਪੁਲੀਸ ਨੇ ਕਿਹਾ ਕਿ ਕੁਤਾਹੀ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। -ਪੀਟੀਆਈ