ਨਵੀਂ ਦਿੱਲੀ, 13 ਮਈ
ਅਹਿਮਦਾਬਾਦ ’ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਭਾਰਤੀ ਹਵਾਈ ਫ਼ੌਜ ਦੇ ਦੋ ਸੇਵਾਮੁਕਤ ਅਤੇ ਇੱਕ ਮੌਜੂਦਾ ਅਧਿਕਾਰੀ ਨੂੰ 27 ਸਾਲ ਪਹਿਲਾਂ ਰਸੋਈਏ ਗਿਰਿਜਾ ਰਾਵਤ ਦੀ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਾਮਨਗਰ ਦੇ ਏਅਰਫੋਰਸ ਸਟੇਸ਼ਨ ’ਤੇ ਰਸੋਈਏ ਰਾਵਤ ਨੂੰ ਨਵੰਬਰ 1995 ’ਚ ਤਸੀਹੇ ਦੇ ਕੇ ਮਾਰ ਦਿੱਤਾ ਗਿਆ ਸੀ ਕਿਉਂਕਿ ਸ਼ੱਕ ਸੀ ਕਿ ਉਸ ਨੇ ਕੰਟੀਨ ਤੋਂ ਸ਼ਰਾਬ ਚੋਰੀ ਕੀਤੀ ਸੀ।
ਦੋਸ਼ੀ ਅਧਿਕਾਰੀਆਂ ’ਚ ਅਨੂਪ ਸੂਦ (ਤਤਕਾਲੀ ਸਕੁਐਡਰਨ ਲੀਡਰ) ਅਤੇ ਸਾਰਜੈਂਟ ਅਨਿਲ ਕੇ ਐੱਨ ਤੇ ਮਹਿੰਦਰ ਸਿੰਘ ਸ਼ੇਰਾਵਤ ਸ਼ਾਮਲ ਹਨ। ਸੂਦ, ਜੋ ਗਰੁੱਪ ਕੈਪਟਨ ਵਜੋਂ ਸੇਵਾਮੁਕਤ ਹੋਇਆ ਹੈ, ਨੇ ਸੋਸ਼ਲ ਮੀਡੀਆ ਪ੍ਰੋਫਾਈਲ ’ਤੇ ਆਪਣੇ ਆਪ ਨੂੰ ਐੱਨਐੱਸਜੀ ਦਾ ਟਰੇਨਡ ਕਮਾਂਡੋ ਦੱਸਿਆ ਹੈ। ਅਨਿਲ ਵੀ ਹਵਾਈ ਫ਼ੌਜ ’ਚੋਂ ਸੇਵਾਮੁਕਤ ਹੋ ਚੁੱਕਿਆ ਹੈ ਜਦਕਿ ਸਹਿਰਾਵਤ ਅਜੇ ਨੌਕਰੀ ’ਤੇ ਹੈ। ਰਾਵਤ ਦੀ ਪਤਨੀ ਦੀ ਪਟੀਸ਼ਨ ’ਤੇ ਗੁਜਰਾਤ ਹਾਈ ਕੋਰਟ ਦੇ ਹੁਕਮਾਂ ’ਤੇ ਸੀਬੀਆਈ ਨੇ 22 ਫਰਵਰੀ, 2012 ’ਚ ਕੇਸ ਆਪਣੇ ਹੱਥਾਂ ਵਿੱਚ ਲਿਆ ਸੀ।
ਸੀਬੀਆਈ ਤਰਜਮਾਨ ਆਰ ਸੀ ਜੋਸ਼ੀ ਨੇ ਕਿਹਾ ਕਿ 13 ਨਵੰਬਰ, 1995 ਨੂੰ ਏਅਰ ਫੋਰਸ ਪੁਲੀਸ ਦੇ 10 ਤੋਂ 12 ਅਧਿਕਾਰੀਆਂ ਨੇ ਰਾਵਤ ਦੀ ਰਿਹਾਇਸ਼ ’ਤੇ ਤਲਾਸ਼ੀ ਲਈ ਸੀ ਅਤੇ ਉਸ ਨੂੰ ਨਾਲ ਲਿਜਾ ਕੇ ਜਬਰੀ ਕਬੂਲ ਕਰਵਾਇਆ ਕਿ ਉਸ ਨੇ ਏਅਰ ਫੋਰਸ ਦੀ ਕੰਟੀਨ ਤੋਂ ਸ਼ਰਾਬ ਚੋਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਵਤ ਦੀ ਪਤਨੀ ਸ਼ਾਮ ਨੂੰ ਆਪਣੇ ਪਤੀ ਦੀ ਰਿਹਾਈ ਲਈ ਗਾਰਡ ਰੂਮ ’ਚ ਗਈ ਸੀ ਪਰ ਉਸ ਨੂੰ ਦੱਸਿਆ ਗਿਆ ਕਿ ਰਾਵਤ ਨੂੰ ਛੇਤੀ ਛੱਡ ਦਿੱਤਾ ਜਾਵੇਗਾ ਜਦਕਿ ਮੁਲਜ਼ਮਾਂ ਵੱਲੋਂ ਦਿੱਤੇ ਗਏ ਤਸੀਹਿਆਂ ਕਾਰਨ ਉਸ ਦੀ ਮੌਤ ਹੋ ਗਈ। ਅਗਲੇ ਦਿਨ ਪਤਨੀ ਨੂੰ ਉਸ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਗਈ ਸੀ। ਮੁਕੰਮਲ ਜਾਂਚ ਮਗਰੋਂ ਸੀਬੀਆਈ ਨੇ 30 ਜੁਲਾਈ, 2013 ’ਚ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਜੋਸ਼ੀ ਨੇ ਕਿਹਾ ਕਿ ਹੇਠਲੀ ਅਦਾਲਤ ਵੱਲੋਂ ਤਿੰਨ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਸੀ ਜਦਕਿ ਇਕ ਦੀ ਮੁਕੱਦਮੇ ਦੌਰਾਨ ਮੌਤ ਹੋ ਗਈ ਸੀ। -ਪੀਟੀਆਈ