ਨਵੀਂ ਦਿੱਲੀ, 2 ਅਗਸਤ
ਇਥੋਂ ਦੇ ਛਤਰਸਾਲ ਸਟੇਡੀਅਮ ’ਚ ਸਾਬਕਾ ਜੂਨੀਅਰ ਕੁਸ਼ਤੀ ਚੈਂਪੀਅਨ ਦੀ ਹੱਤਿਆ ਦੇ ਮਾਮਲੇ ’ਚ ਪੁਲੀਸ ਨੇ ਅੱਜ ਓਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਅਤੇ 19 ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਸਤਵੀਰ ਸਿੰਘ ਲਾਂਬਾ ਅੱਗੇ ਦਾਖ਼ਲ ਚਾਰਜਸ਼ੀਟ ’ਚ ਸੁਸ਼ੀਲ ਕੁਮਾਰ ਨੂੰ ਮੁੱਖ ਮੁਲਜ਼ਮ ਕਰਾਰ ਦਿੱਤਾ ਗਿਆ ਹੈ। ਇਸ ਕੇਸ ’ਚ 15 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਜਦਕਿ ਪੰਜ ਅਜੇ ਵੀ ਫ਼ਰਾਰ ਹਨ। ਸੁਸ਼ੀਲ ਕੁਮਾਰ ਅਤੇ ਉਸ ਦੇ ਸਾਥੀਆਂ ਨੇ 4 ਅਤੇ 5 ਮਈ ਦੀ ਦਰਮਿਆਨੀ ਰਾਤ ਨੂੰ 23 ਸਾਲ ਦੇ ਪਹਿਲਵਾਨ ਸਾਗਰ ਧਨਖੜ ਅਤੇ ਉਸ ਦੇ ਦੋ ਹੋਰ ਦੋਸਤਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ। ਬਾਅਦ ’ਚ ਸਾਗਰ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਗਿਆ ਸੀ।
ਇਸ ਤੋਂ ਪਹਿਲਾਂ ਪੁਲੀਸ ਨੇ ਸੁਸ਼ੀਲ ਨੂੰ ਹੱਤਿਆ ਦਾ ਮੁੱਖ ਦੋਸ਼ੀ ਅਤੇ ਮਾਸਟਰਮਾਈਂਡ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਸ ਕੋਲ ਇਲੈਕਟ੍ਰਾਨਿਕ ਸਬੂਤ ਹਨ ਜਿਸ ’ਚ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਧਨਖੜ ਨੂੰ ਲਾਠੀਆਂ ਨਾਲ ਕੁੱਟਦਾ ਨਜ਼ਰ ਆ ਰਿਹਾ ਹੈ। -ਪੀਟੀਆਈ