ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅਮਰੀਕਾ, ਬਰਤਾਨੀਆ ਅਤੇ ਕੈਨੇਡਾ ’ਚ ਵਸਦੇ 16 ਸਿੱਖਾਂ ਦੀਆਂ ਦੇਸ਼ਧ੍ਰੋਹੀ ਸਰਗਰਮੀਆਂ ’ਚ ਕਥਿਤ ਸ਼ਮੂਲੀਅਤ ਖ਼ਿਲਾਫ਼ ਦਹਿਸ਼ਤ ਵਿਰੋਧੀ ਕਾਨੂੰਨ ਯੂਏਪੀਏ ਤਹਿਤ ਅੱਜ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਨ੍ਹਾਂ ’ਚੋਂ ਸੱਤ ਮੁਲਜ਼ਮ ਅਮਰੀਕਾ, ਛੇ ਬਰਤਾਨੀਆ ਅਤੇ ਤਿੰਨ ਕੈਨੇਡਾ ਤੋਂ ਹਨ। ਚਾਰਜਸ਼ੀਟ ’ਚ ਦੋਸ਼ ਲਾਇਆ ਗਿਆ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਖਾਲਿਸਤਾਨ ਦੀ ਸਥਾਪਨਾ ਲਈ ‘ਰਾਇਸ਼ੁਮਾਰੀ 2020’ ਦੇ ਬੈਨਰ ਹੇਠ ਵੱਖਵਾਦੀ ਮੁਹਿੰਮ ਚਲਾਉਣ ਦੀ ਸਾਜ਼ਿਸ਼ ਘੜੀ ਸੀ। ਗ੍ਰਹਿ ਮੰਤਰਾਲੇ ਵੱਲੋਂ ਦਹਿਸ਼ਤਗਰਦ ਨਾਮਜ਼ਦ ਕੀਤੇ ਗਏ ਗੁਰਪਤਵੰਤ ਸਿੰਘ ਪੰਨੂ (ਅਮਰੀਕਾ), ਹਰਦੀਪ ਸਿੰਘ ਨਿੱਝਰ (ਕੈਨੇਡਾ) ਅਤੇ ਪਰਮਜੀਤ ਸਿੰਘ (ਬਰਤਾਨੀਆ) ਦੇ ਨਾਮ ਵੀ ਮੁਲਜ਼ਮਾਂ ’ਚ ਸ਼ਾਮਲ ਹਨ। ਚਾਰਜਸ਼ੀਟ ’ਚ ਅਵਤਾਰ ਸਿੰਘ ਪੰਨੂ, ਹਰਪ੍ਰੀਤ ਸਿੰਘ, ਅਮਰਦੀਪ ਸਿੰਘ ਪੁਰੇਵਾਲ, ਹਰਜਾਪ ਸਿੰਘ, ਸਰਬਜੀਤ ਸਿੰਘ ਤੇ ਹਿੰਮਤ ਸਿੰਘ (ਸਾਰੇ ਅਮਰੀਕਾ), ਗੁਰਪ੍ਰੀਤ ਸਿੰਘ ਬਾਗ਼ੀ, ਸਰਬਜੀਤ ਸਿੰਘ ਬਨੂੜ, ਕੁਲਵੰਤ ਸਿੰਘ ਮੁਥੱਠਾ, ਦੁਪਿੰਦਰਜੀਤ ਸਿੰਘ ਤੇ ਕੁਲਵੰਤ ਸਿੰਘ (ਸਾਰੇ ਯੂਕੇ) ਅਤੇ ਜੇ ਐੱਸ ਧਾਲੀਵਾਲ ਤੇ ਜਤਿੰਦਰ ਸਿੰਘ ਗਰੇਵਾਲ (ਸਾਰੇ ਕੈਨੇਡਾ) ਦੇ ਨਾਮ ਵੀ ਸ਼ਾਮਲ ਹਨ। ਐੱਨਆਈਏ ਮੁਤਾਬਕ ਇਹ ਵਿਅਕਤੀ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦੇ ਮੈਂਬਰ ਹਨ ਜਿਸ ਨੂੰ ਯੂਏਪੀਏ ਤਹਿਤ ਗ਼ੈਰਕਾਨੂੰਨੀ ਜਥੇਬੰਦੀ ਐਲਾਨਿਆ ਗਿਆ ਹੈ। -ਪੀਟੀਆਈ