ਸੁਲਤਾਨਪੁਰ, 4 ਸਤੰਬਰ
ਉੱਤਰ ਪ੍ਰਦੇਸ਼ ਵਿੱਚ ਸਾਲ 2008 ਦੌਰਾਨ ਬਿਜਲੀ ਵਿਭਾਗ ਖ਼ਿਲਾਫ਼ ਪ੍ਰਦਰਸ਼ਨ ਸਬੰਧੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੈ ਸਿੰਘ ਅਤੇ ਸਮਾਜਵਾਦੀ ਪਾਰਟੀ ਦੇ ਸਾਬਕਾ ਵਿਧਾਇਕ ਅਨੂੁਪ ਸਾਂਦਾ ਸਣੇ 14 ਜਣਿਆਂ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ ਹਨ। ਸੰਜੈ ਸਿੰਘ ਦੇ ਵਕੀਲ ਮਦਨ ਸਿੰਘ ਨੇ ਦੱਸਿਆ ਕਿ ਸੰਸਦ ਮੈਂਬਰ-ਵਿਧਾਇਕ ਅਦਾਲਤ ਦੇ ਜੱਜ ਯੋਗੇਸ਼ ਕੁਮਾਰ ਯਾਦਵ ਨੇ ਸ਼ਨਿਚਰਵਾਰ ਨੂੰ 14 ਜਣਿਆਂ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ। ਸਾਲ 2018 ਵਿੱਚ ਬਿਜਲੀ ਵਿਭਾਗ ਖ਼ਿਲਾਫ਼ ਸ਼ਹਿਰ ਦੇ ਜਮਾਲ ਗੇਟ ਅੱਗੇ ਸੜਕ ’ਤੇ ਧਰਨਾ ਲਾਉਣ ਦੇ ਦੋਸ਼ ਹੇਠ ਜ਼ਿਲ੍ਹਾ ਪ੍ਰਧਾਨ ਰਘੂਵੀਰ ਯਾਦਵ, ਸੰਜੈ ਸਿੰਘ, ਅਨੂਪ ਸਾਂਦਾ ਸਣੇ 36 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪ੍ਰਦਰਸ਼ਨ ਦੌਰਾਨ ਸੜਕ ’ਤੇ ਧਰਨਾ ਲਾਉਣ ਕਾਰਨ ਆਵਾਜਾਈ ਠੱਪ ਹੋ ਗਈ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਸਾਰੇ 36 ਜਣਿਆਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। -ਪੀਟੀਆਈ