ਟਿ੍ਰਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਅਕਤੂਬਰ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤਰੁਣ ਚੁੱਘ ਨੇ ਜਗਦੀਸ਼ ਟਾਈਟਲਰ ਨੂੰ ਦਿੱਲੀ ਕਾਂਗਰਸ ਕਮੇਟੀ ’ਚ ਸਥਾਈ ਮੈਂਬਰ ਚੁਣਨ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਜਗਦੀਸ਼ ਟਾਈਟਲਰ ਬਾਰੇ ਸਟੈਂਡ ਸਪੱਸ਼ਟ ਕਰਨ ਦੀ ਅਪੀਲ ਕੀਤੀ। ਸ੍ਰੀ ਚੁੱਘ ਨੇ ਕਿਹਾ ਕਿ ਟਾਈਟਲਰ ਦਾ ਨਾਂ 1984 ਦੇ ਸਿੱਖ ਕਤਲੇਆਮ ’ਚ ਸਾਹਮਣੇ ਆਇਆ ਸੀ। ਉਨ੍ਹਾਂ ਕਿਹਾ ਕਿ ਚੰਨੀ, ਸਿੱਧੂ ਅਤੇ ਕਾਂਗਰਸ ਦੇ ਸਿੱਖ ਆਗੂਆਂ ਨੂੰ ਜਗਦੀਸ਼ ਟਾਈਟਲਰ ਦਾ ਨਾਂ ਦਿੱਲੀ ਕਾਂਗਰਸ ਕਮੇਟੀ ’ਚ ਪਾਉਣ ਬਾਰੇ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ। ਦਿੱਲੀ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਦਿੱਲੀ ਕਾਂਗਰਸ ਕਮੇਟੀ ਨੇ ਵੀਰਵਾਰ ਨੂੰ ਨਵੀਂ ਕਾਰਜਕਾਰਨੀ ਕਮੇਟੀ ਦਾ ਗਠਨ ਕੀਤਾ ਜਿਸ ਨੂੰ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਵਾਨਗੀ ਦੇ ਦਿੱਤੀ ਹੈ। ਇਸ ਕਮੇਟੀ ਦੇ ਸਥਾਈ ਮੈਂਬਰਾਂ ’ਚ ਸੀਨੀਅਰ ਕਾਂਗਰਸੀ ਆਗੂ ਜੇਪੀ ਅਗਰਵਾਲ, ਅਜੈ ਮਾਕਨ, ਕਪਿਲ ਸਿੱਬਲ, ਜਨਾਰਧਨ ਦਿਵੇਦੀ, ਅਰਵਿੰਦਰ ਸਿੰਘ ਲਵਲੀ, ਸੁਭਾਸ਼ ਚੋਪੜਾ ਤੇ ਜਗਦੀਸ਼ ਟਾਈਟਲਰ ਸ਼ਾਮਲ ਹਨ।
ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਿਹੈ ਗਾਂਧੀ ਪਰਿਵਾਰ: ‘ਆਪ’
ਜਗਦੀਸ਼ ਟਾਈਟਲਰ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਥਾਈ ਮੈਂਬਰ ਬਣਾਉਣ ’ਤੇ ਰੋਸ ਜ਼ਾਹਿਰ ਕਰਦਿਆਂ ‘ਆਪ’ ਦੀ ਸੀਨੀਅਰ ਆਗੂ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਤੇ ਬੁਲਾਰੇ ਮਨਵਿੰਦਰ ਸਿੰਘ ਗਿਆਸਪੁਰਾ ਨੇ ਗਾਂਧੀ ਪਰਿਵਾਰ ਸਮੇਤ ਸਮੁੱਚੀ ਕਾਂਗਰਸ ਨੂੰ ਪੁੱਛਿਆ ਕਿ ਕਾਂਗਰਸ ਨੇ ਸਿੱਖਾਂ ਨੂੰ ਇਨਸਾਫ਼ ਤਾਂ ਨਹੀਂ ਦਿੱਤਾ, ਪਰ 1984 ਦੇ ਕਤਲੇਆਮ ਦੇ ਜ਼ਖ਼ਮਾਂ ’ਤੇ ਲੂਣ ਛਿੜਕਣਾ ਬੰਦ ਕਰ ਦੇਵੇ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਜਗਦੀਸ਼ ਟਾਈਟਲਰ ਵਰਗੇ ਗੁਨਾਹਗਾਰਾਂ ਨੂੰ ਅਹੁਦੇ ਬਖਸ਼ ਕੇ ਸਿੱਖਾਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਵਾਰ-ਵਾਰ ਨਾ ਚਿੜਾਵੇ।