ਨਵੀਂ ਦਿੱਲੀ, 27 ਅਪਰੈਲ
ਸੀਨੀਅਰ ਕਾਂਗਰਸ ਆਗੂ ਏ.ਕੇ.ਐਂਟਨੀ ਨੇ ਅੱਜ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਬਾਰੇ ਗ਼ਲਤ ਅੰਦਾਜ਼ੇ ਨਾ ਲਾਏ ਜਾਣ ਅਤੇ ਜਦੋਂ ਤੱਕ ਕਾਂਗਰਸ ਕੇੇਂਦਰੀ ਭੂਮਿਕਾ ਵਿੱਚ ਨਹੀਂ ਆਉਂਦੀ ਦਿੱਲੀ ਵਿੱਚ ਸੱਤਾ ਪਰਿਵਰਤਨ ਸੰਭਵ ਨਹੀਂ ਹੋਵੇਗਾ। ਸਾਬਕਾ ਰੱਖਿਆ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਲਈ ਨਹਿਰੂ-ਗਾਂਧੀ ਪਰਿਵਾਰ ਦੀ ਭੂਮਿਕਾ ਬਹੁਤ ਅਹਿਮ ਹੈ, ਕਿਉਂਕਿ ਇਹ ਪਾਰਟੀ ਦਾ ਪਾਵਰਹਾਊਸ ਤੇ ਸੇਧ ਦੇਣ ਵਾਲੀ ਤਾਕਤ ਹੈ। ਐਂਟਨੀ ਨੇ ਕਿਹਾ ਕਿ ਇਸ ਪਰਿਵਾਰ ਬਿਨਾਂ ਦੇਸ਼ ਭਰ ਦੇ 99 ਫੀਸਦ ਵਰਕਰ ਕਾਂਗਰਸ ਨੂੰ ਸਵੀਕਾਰ ਨਹੀਂ ਕਰਨਗੇ। ਸਾਲ 2024 ਦੀਆਂ ਆਮ ਚੋਣਾਂ ਵਿੱਚ ਪਾਰਟੀ ਦੇ ਭਵਿੱਖ ਨੂੰ ਲੈ ਕੇ ਭਰੋੋਸਾ ਜ਼ਾਹਿਰ ਕਰਦਿਆਂ ਐਂਟਨੀ ਨੇ ਕਿਹਾ ਕਿ ਕਾਂਗਰਸ ਨੇ ਜ਼ਮੀਨੀ ਪੱਧਰ ’ਤੇ ਪਾਰਟੀ ਨੂੰ ਜਥੇਬੰਦਕ ਤੌਰ ’ਤੇ ਮਜ਼ਬੂਤ ਕਰਨ ਲਈ ਰੋਡਮੈਪ ਤਿਆਰ ਕੀਤਾ ਹੈ ਤੇ ਪਾਰਟੀ ‘ਵਾਪਸੀ ਕਰੇਗੀ’। ਦਿੱਲੀ ’ਚ ਹਾਲੀਆ ਫ਼ਿਰਕੂ ਹਿੰਸਾ ਦੀਆਂ ਘਟਨਾਵਾਂ ਬਾਰੇ ਪੁੱਛਣ ’ਤੇ ਐਂਟਨੀ ਨੇ ਕਿਹਾ, ‘‘ਅੱਜ ਦੇ ਹਾਲਾਤ ਬਹੁਤ ਦਰਦਨਾਕ ਹਨ। ਭਾਰਤ ਇਕੋ ਇਕ ਮੁਲਕ ਹੈ, ਜਿੱਥੇ ਸਾਰੇ ਧਰਮਾਂ, ਜਾਤਾਂ ਤੇ ਸੰਪਰਦਾਇ ਤੇ ਵੱਖ ਵੱਖ ਭਾਸ਼ਾਵਾਂ ਵਧਦੀਆਂ ਫੁਲਦੀਆਂ ਹਨ। ਹਰ ਖੇਤਰ ਵਿੱਚ ਇਕਸਾਰਤਾ ਲਿਆਉਣ ਲਈ ਕੀਤੇ ਜਾ ਰਹੇ ਯਤਨ ਦੇਸ਼ ਲਈ ਖ਼ਤਰਨਾਕ ਹਨ। ਸਾਨੂੰ ਦੇਸ਼ ਦੀ ਏਕਤਾ ਨੂੰ ਹਰ ਹਾਲ ਵਿੱਚ ਬਚਾਉਣਾ ਹੋਵੇਗਾ।’’ -ਪੀਟੀਆਈ