ਬੰਗਲੁਰੂ: ਭਾਰਤ ਦੇ ਤੀਜੇ ਚੰਨ ਮਿਸ਼ਨ ਤਹਿਤ ਚੰਦਰਯਾਨ-3 ਅੱਜ ਧਰਤੀ ਦੇ ਇੱਕੋ-ਇੱਕ ਉਪ ਗ੍ਰਹਿ ਤੱਕ ਪਹੁੰਚਣ ਲਈ ਪੰਜਵੇਂ ਤੇ ਆਖਰੀ ਗੇੜ ’ਚ ਸਫਲਤਾਪੂਰਵਕ ਦਾਖਲ ਹੋ ਗਿਆ ਅਤੇ ਚੰਨ ਦੀ ਸਤਹਿ ਦੇ ਹੋਰ ਵੀ ਨੇੜੇ ਆ ਗਿਆ। ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਕਿਹਾ ਕਿ ਇਸ ਦੇ ਨਾਲ ਹੀ ਚੰਦਰਯਾਨ-3 ਨੇ ਚੰਨ ਤੱਕ ਪਹੁਚੰਣ ਦੀ ਆਪਣੀ ਪ੍ਰਕਿਰਿਆ ਪੂਰੀ ਕਰ ਲਈ ਹੈ ਅਤੇ ਹੁਣ ਇਹ ਲੈਂਡਰ ਮਾਡਿਊਲ ਨੂੰ ਵੱਖ ਕਰਨ ਦੀ ਤਿਆਰੀ ਕਰੇਗਾ। ਕੌਮੀ ਪੁਲਾੜ ਏਜੰਸੀ ਨੇ ਟਵੀਟ ਕੀਤਾ, ‘‘ਅੱਜ ਦੀ ਸਫਲ ਪ੍ਰਕਿਰਿਆ ਘੱਟ ਸਮੇਂ ਲਈ ਸੀ। ਇਸ ਤਹਿਤ ਚੰਨ ਦੀ 153 ਕਿਲੋਮੀਟਰ x163 ਕਿਲੋਮੀਟਰ ਦੀ ਇਸ ਪਰਿਕਰਮਾ ਦੇ ਪੰਧ ਵਿੱਚ ਚੰਦਰਯਾਨ-3 ਸਥਾਪਤ ਹੋ ਗਿਆ ਹੈ, ਜਿਸ ਦਾ ਅਸੀਂ ਅੰਦਾਜ਼ਾ ਲਾਇਆ ਸੀ। ਇਸ ਦੇ ਨਾਲ ਹੀ ਚੰਨ ਦੀ ਸੀਮਾ ਵਿੱਚ ਦਾਖਲੇ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਹੁਣ ਲੈਂਡਰ ਮਾਡਿਊਲ ਵੱਖ ਹੋਣ ਲਈ ਤਿਆਰ ਹੈ।’’ -ਪੀਟੀਆਈ