ਟ੍ਰਿਬਿਊਨ ਨਿਊਜ਼ ਸਰਵਿਸ
ਮੰਡੀ, 29 ਜੂਨ
ਹਿਮਾਚਲ ਪ੍ਰਦੇਸ਼ ਦੇ ਮੰਡੀ ਬੱਸ ਸਟੈਂਡ ਤੋਂ ਚਾਰ ਮੀਲ ਦੂਰ ਮੰਡੀ ਅਤੇ ਕੁੱਲੂ ਦਰਮਿਆਨ ਢਿੱਗਾਂ ਡਿੱਗਣ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ ਬੰਦ ਹੋ ਗਿਆ। ਹਾਲਾਂਕਿ, ਬਾਅਦ ਵਿੱਚ ਆਵਾਜਾਈ ਬਹਾਲ ਕਰ ਦਿੱਤੀ ਗਈ। ਪੁਲੀਸ ਨੇ ਦੱਸਿਆ ਕਿ ਇਸ ਖੇਤਰ ਵਿੱਚ ਚਾਰ ਮਾਰਗੀ ਸੜਕ ਉਸਾਰੀ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਢਿੱਗਾਂ ਡਿੱਗਣ ਦੀ ਘਟਨਾ ਵਾਪਰੀ। ਹਿਮਾਚਲ ਪ੍ਰਦੇਸ਼ ਵਿੱਚ ਮੌਨਸੂਨ ਦੇ ਦਸਤਕ ਦੇਣ ਨਾਲ ਸਵੇਰ ਤੋਂ ਹੀ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਢਿੱਗਾਂ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰ ਕੇ ਸੈਲਾਨੀਆਂ ਨੂੰ ਯਾਤਰਾ ਟਾਲਣ ਦੀ ਸਲਾਹ ਦਿੱਤੀ ਹੈ। ਮੌਨਸੂਨ ਪਹੁੰਚਣ ਦੇ ਪਹਿਲੇ ਦਿਨ ਅੱਜ ਸਰਕਾਘਾਟ ਵਿੱਚ ਸਭ ਤੋਂ ਵੱਧ 109 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਇਸ ਤੋਂ ਇਲਾਵਾ ਸਿੰਹੁਤਾ ਵਿੱਚ 105, ਸਿਰਮੌਰ ਦੇ ਧੌਲਾ ਕੂਆਂ ਵਿੱਚ 96, ਸੁਜਾਨਪੁਰ ਦੇ ਟੀਹਰਾ ਵਿੱਚ 84 ਅਤੇ ਹਮੀਰਪੁਰ ਦੇ ਭਰਾੜੀ ਵਿੱਚ 68 ਐੱਮਐੱਮ ਮੀਂਹ ਪਿਆ।
ਮੌਸਮ ਵਿਭਾਗ ਮੁਤਾਬਕ, ਸੂਬੇ ਵਿੱਚ ਮੌਨਸੂਨ ਇਸ ਵਾਰ ਤਿੰਨ-ਚਾਰ ਦਿਨ ਪੱਛੜ ਕੇ ਪਹੁੰਚੀ ਹੈ। ਦੋ ਸਾਲ ਪਹਿਲਾਂ ਸੂਬੇ ਵਿੱਚ ਮੌਨਸੂਨ 9 ਜੂਨ ਨੂੰ ਪਹੁੰਚੀ ਸੀ। ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਅਗਲੇ ਤਿੰਨ-ਚਾਰ ਦਿਨਾਂ ਦੌਰਾਨ ਸੂਬੇ ਵਿੱਚ ਮੈਦਾਨੀ ਅਤੇ ਘੱਟ ਉਚਾਈ ਵਾਲੇ ਇਲਾਕਿਆਂ ਵਿੱਚ ਬਾਰਿਸ਼ ਦਾ ਦੌਰ ਜਾਰੀ ਰਹੇਗਾ। ਇਸ ਦੌਰਾਨ ਸਿਰਮੌਰ, ਸੋਲਨ, ਸ਼ਿਮਲਾ, ਬਿਲਾਸਪੁਰ, ਹਮੀਰਪੁਰ, ਮੰਡੀ, ਕੁੱਲੂ, ਕਾਂਗੜਾ, ਚੰਬਾ ਅਤੇ ਆਲੇ ਦੁਆਲੇ ਦੇ ਇਲਾਕਿਆ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।