ਨਵੀਂ ਦਿੱਲੀ, 13 ਸਤੰਬਰ
77 ਸਾਲ ਦੀ ਉਮਰ ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਦੀ ਇੱਛਾ ਰੱਖਣ ਵਾਲੀ ਇਕ ਮਹਿਲਾ ਨੇ ਐੱਲਐੱਲਬੀ ’ਚ ਦਾਖ਼ਲੇ ਲਈ ਉਮਰ ਹੱਦ 30 ਸਾਲ ਤੈਅ ਕਰਨ ਦੀ ਸਿਫ਼ਾਰਿਸ਼ ਕਰਦੇ ਹੋਏ ਭਾਰਤੀ ਬਾਰ ਕੌਂਸਲ ਦੇ ਨਵੇਂ ਨਿਯਮ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਹੈ।
ਤਿੰਨ ਸਾਲਾ ਐੱਲਐੱਲਬੀ ਕੋਰਸ ਵਿੱਚ ਦਾਖ਼ਲਾ ਦੇਣ ਤੋਂ ਇਨਕਾਰ ਕਰਨ ’ਤੇ ਉੱਤਰ ਪ੍ਰਦੇਸ਼ ਵਿੱਚ ਸਾਹਿਬਾਬਾਦ ਦੀ ਵਸਨੀਕ ਰਾਜਕੁਮਾਰੀ ਤਿਆਗੀ ਨੇ ਇਕ ਅਰਜ਼ੀ ਦਾਖ਼ਲ ਕਰ ਕੇ ਪਹਿਲਾਂ ਤੋਂ ਅਦਾਲਤ ’ਚ ਵਿਚਾਰਅਧੀਨ ਇਸ ਮਾਮਲੇ ’ਚ ਦਖ਼ਲ ਦੇਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਬਾਰ ਕੌਂਸਲ ਦੇ ਇਸ ਨਿਯਮ ਨੂੰ ਪਹਿਲਾਂ ਵੀ ਅਦਾਲਤ ’ਚ ਚੁਣੌਤੀ ਦਿੱਤੀ ਹੋਈ ਹੈ।
ਭਾਰਤੀ ਬਾਰ ਕੌਂਸਲ ਦੇ ਨਿਯਮ ਅਨੁਸਾਰ ਕਾਨੂੰਨ ਦੀ ਪੜ੍ਹਾਈ ਦੇ ਪੰਜ ਸਾਲ ਕੋਰਸ ਲਈ ਵੱਧ ਤੋਂ ਵੱਧ ਉਮਰ ਹੱਦ 20 ਸਾਲ ਅਤੇ ਤਿੰਨ ਸਾਲਾ ਐੱਲਐੱਲਬੀ ਕੋਰਸ ਲਈ ਉਮਰ ਹੱਦ 30 ਸਾਲ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਹੈ।
ਅਰਜ਼ੀ ’ਚ ਕਿਹਾ ਗਿਆ ਹੈ ਕਿ ਸ੍ਰੀਮਤੀ ਤਿਆਗੀ ਇਕੱਲੀ ਰਹਿੰਦੀ ਹੈ ਅਤੇ ਆਪਣੇ ਮਰਹੂਮ ਪਤੀ ਦੀ ਜਾਇਦਾਦ ਦੀ ਰਾਖੀ ਲਈ ਉਸ ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਦੀ ਇੱਛਾ ਪੈਦਾ ਹੋਈ ਹੈ। ਪਟੀਸ਼ਨਕਰਤਾ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਕਾਲਜ ਵਿੱਚ ਜਾਂ ਕਿਸੇ ਹੋਰ ਸੰਸਥਾ ’ਚ ਕਾਨੂੰਨ ਦੀ ਪੜ੍ਹਾਈ ਕਰਨ ਨੂੰ ਉਸ ਦਾ ਮੁੱਢਲਾ ਅਧਿਕਾਰ ਐਲਾਨਿਆ ਜਾਵੇ। -ਪੀਟੀਆਈ