ਨਵੀਂ ਦਿੱਲੀ, 17 ਸਤੰਬਰ
ਗੁਜਰਾਤ ਕਾਡਰ ਦੇ ਆਈਪੀਐੱਸ ਅਧਿਕਾਰੀ ਰਾਕੇਸ਼ ਅਸਥਾਨਾ ਨੇ ਦਿੱਲੀ ਹਾਈ ਕੋਰਟ ਨੂੰ ਕਿਹਾ ਹੈ ਕਿ ਉਸ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਲਗਾਤਾਰ ਪ੍ਰਚਾਰ ਹੋ ਰਿਹਾ ਹੈ ਅਤੇ ਦਿੱਲੀ ਪੁਲੀਸ ਕਮਿਸ਼ਨਰ ਵਜੋਂ ਨਿਯੁਕਤੀ ਨੂੰ ਚੁਣੌਤੀ ਕਾਨੂੰਨੀ ਪ੍ਰਕਿਰਿਆ ਦਾ ਅਪਮਾਨ ਹੈ ਜੋ ਬਦਲਾਖੋਰੀ ਦਾ ਵੀ ਆਧਾਰ ਹੈ। ਨਿਯੁਕਤੀ ਖ਼ਿਲਾਫ਼ ਪਾਈ ਗਈ ਜਨਹਿੱਤ ਪਟੀਸ਼ਨ ’ਤੇ ਹਲਫ਼ਨਾਮਾ ਦਾਖ਼ਲ ਕਰਦਿਆਂ ਅਸਥਾਨਾ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੂੰ ਸੀਬੀਆਈ ਦਾ ਵਿਸ਼ੇਸ਼ ਡਾਇਰੈਕਟਰ ਥਾਪਿਆ ਗਿਆ ਹੈ, ਉਨ੍ਹਾਂ ਖ਼ਿਲਾਫ਼ ਕੁਝ ਖਾਸ ਜਥੇਬੰਦੀਆਂ ਵੱਲੋਂ ‘ਚੋਣਵੀਂ ਮੁਹਿੰਮ’ ਤਹਿਤ ਲਗਾਤਾਰ ਕੇਸ ਕੀਤੇ ਜਾ ਰਹੇ ਹਨ। ਉਨ੍ਹਾਂ ‘ਕਾਮਨ ਕਾਜ਼’ ਅਤੇ ਸੈਂਟਰ ਫਾਰ ਪਬਲਿਕ ਇੰਟਰਸਟ ਲਿਟੀਗੇਸ਼ਨਜ਼’ ਦਾ ਉਚੇਚੇ ਤੌਰ ’ਤੇ ਨਾਮ ਲਿਆ ਹੈ। ਉਨ੍ਹਾਂ ਕਿਹਾ ਕਿ ਜਨਹਿੱਤ ਪਟੀਸ਼ਨ ਦੇ ਓਹਲੇ ਹੇਠ ਇਨ੍ਹਾਂ ਜਥੇਬੰਦੀਆਂ ਨੇ ਨਿੱਜੀ ਬਦਲਾਖੋਰੀ ਜਾਂ ਲੁਕਵੀਂ ਜੰਗ ਚਲਾ ਰੱਖੀ ਹੈ। ਵਕੀਲ ਸਦਰੇ ਆਲਮ ਵੱਲੋਂ ਦਾਖ਼ਲ ਜਨਹਿੱਤ ਪਟੀਸ਼ਨ ਦੇ ਜਵਾਬ ’ਚ ਅਸਥਾਨਾ ਵੱਲੋਂ ਹਲਫ਼ਨਾਮਾ ਦਾਖ਼ਲ ਕੀਤਾ ਗਿਆ ਹੈ। –ਪੀਟੀਆਈ