ਨਵੀਂ ਦਿੱਲੀ, 24 ਜੂਨ
ਹਵਾਈ ਸੈਨਾ ਮੁਖੀ ਵੀ.ਆਰ. ਚੌਧਰੀ ਨੇ ਅੱਜ ਕਿਹਾ ਕਿ ਵਿਸ਼ਵ ਸਾਹਮਣੇ ਚੁਣੌਤੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਅਤੇ ਨੇਮਾਂ ਦਾ ਬਹੁਤ ਘੱਟ ਜਾਂ ਬਿਲਕੁਲ ਸਨਮਾਨ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਪਣੀਆਂ ਰਣਨੀਤਕ ਤਰਜੀਹਾਂ ਦਾ ਮੁੜ ਮੁਲਾਂਕਣ ਕਰਨਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣ ਲਈ ਆਪਣੇ ਪ੍ਰਬੰਧ ਮੁੜ ਤੋਂ ਤਰਤੀਬਣੇ ਚਾਹੀਦੇ ਹਨ ਕਿ ਉਹ ਪਿੱਛੇ ਨਾ ਰਹਿ ਜਾਵੇ।
ਚੀਫ਼ ਆਫ਼ ਏਅਰ ਸਟਾਫ਼ ਨੇ ਕੌਮੀ ਸੁਰੱਖਿਆ ਦੇ ਸਾਹਮਣੇ ਮੌਜੂਦ ਵੱਖ-ਵੱਖ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਫ਼ੌਜੀ ਰਣਨੀਤੀਕਾਰਾਂ ਨੂੰ ‘ਜੰਗ ਲੜਨ’ ਦੇ ਪਹਿਲੇ ਉਦੇਸ਼ ਨੂੰ ਨਹੀਂ ਭੁੱਲਣਾ ਚਾਹੀਦਾ ਹੈ। ਇੱਥੇ ਇਕ ਸੈਮੀਨਾਰ ਦੌਰਾਨ ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਪੂਰਬੀ ਲੱਦਾਖ ਵਿੱਚ ਭਾਰਤ ਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਜਾਰੀ ਹੈ, ਅਫ਼ਗਾਨਿਸਤਾਨ ਵਿੱਚ ਹਾਲਾਤ ਖ਼ਰਾਬ ਹਨ ਅਤੇ ਯੂਕਰੇਨ ਵਿੱਚ ਸੰਕਟ ਕਾਰਨ ਭੂ-ਰਾਜਨੀਤਕ ਉਥਲ-ਪੁਥਲ ਪੈਦਾ ਹੋ ਗਈ ਹੈ। ਹਵਾਈ ਸੈਨਾ ਮੁਖੀ ਨੇ ਕਿਸੇ ਦੇਸ਼ ਦਾ ਨਾਂ ਲਏ ਬਿਨਾ ਕਿਹਾ ਕਿ ‘ਜਬਰੀ’ ਕਾਰਵਾਈ ਕਰਨਾ ਨਵੀਂ ਰਣਨੀਤੀ ਬਣ ਗਿਆ ਹੈ ਅਤੇ ਸਾਈਬਰ, ਸੂਚਨਾ ਤੇ ਪੁਲਾੜ ਖੇਤਰ ‘ਨਵੇਂ ਜੰਗੀ ਖੇਤਰ’ ਬਣ ਗਏ ਹਨ। ਉਨ੍ਹਾਂ ਕਿਹਾ ਕਿ ਕੂਟਨੀਤੀ, ਅਰਥਵਿਵਸਥਾ ਤੇ ਸੂਚਨਾ ਨੂੰ ਸੰਪਰਕ ਦੇ ‘ਮੁੱਢਲੇ ਉਪਕਰਨ’ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਫ਼ੌਜੀ ਉਪਕਰਨ ਡਰਾਵੇ ਵਜੋਂ ਇਸਤੇਮਾਲ ਕੀਤੇ ਜਾ ਰਹੇ ਹਨ। ਭਾਰਤੀ ਹਵਾਈ ਸੈਨਾ ਵੱਲੋਂ ਕਰਵਾਏ ਗਏ ਪਹਿਲੇ ‘ਜੰਗੀ ਅਤੇ ਏਅਰੋਸਪੇਸ ਰਣਨੀਤੀ ਪ੍ਰੋਗਰਾਮ’ ਦੀ ਸਮਾਪਤੀ ’ਤੇ ਇਹ ਸੈਮੀਨਾਰ ਕਰਵਾਇਆ ਗਿਆ ਸੀ। -ਪੀਟੀਆਈ