ਨਵੀਂ ਦਿੱਲੀ, 13 ਸਤੰਬਰ
ਵੈਨਿਸ ਫਿਲਮ ਮੇਲੇ ’ਚ ਡਾਇਰੈਕਟਰ ਚੈਤੰਨਯ ਤਮਹਾਣੇ ਦੀ ਮਰਾਠੀ ਭਾਸ਼ਾ ਦੀ ਫਿਲਮ ‘ਦਿ ਡਿਸਾਈਪਲ’ ਨੂੰ ਸਰਵੋਤਮ ਪਟਕਥਾ ਦਾ ਪੁਰਸਕਾਰ ਮਿਲਿਆ ਹੈ। ਇਸ ਮੇਲੇ ’ਚ ਚੀਨੀ-ਅਮਰੀਕੀ ਫਿਲਮਸਾਜ਼ ਕਲੋ ਝਾਓ ਦੀ ਫਿਲਮ ‘ਨੋਮਾਡਲੈਂਡ’ ਨੂੰ ਗੋਲਡਨ ਲਾਇਨ ਪੁਰਸਕਾਰ ਦਿੱਤਾ ਗਿਆ। ਬੀਤੇ ਦਿਨ ਸਮਾਗਮ ਦੀ ਸਮਾਪਤੀ ਤੋਂ ਬਾਅਦ ਜਿਊਰੀ ਨੇ ਮੁੱਖ ਮੁਕਾਬਲੇ ਦੇ ਜੇਤੂਆਂ ਦਾ ਐਲਾਨ ਕੀਤਾ। ਭਾਰਤੀ ਸਿਨੇਮਾ ਦੇ ਘੱਟ ਉਮਰ ਦੇ ਪ੍ਰਤਿਭਾਸ਼ਾਲੀ ਫਿਲਮਸਾਜ਼ ਤਮਹਾਣੇ, ਮੀਰਾ ਨਾਇਰ ਤੋਂ ਬਾਅਦ ਕਿਸੇ ਯੋਰਪੀ ਫਿਲਮ ਮੇਲੇ ਦੀ ਮੁੱਖ ਸ਼੍ਰੇਣੀ ’ਚ ਮੁਕਾਬਲਾ ਕਰਨ ਵਾਲੇ ਦੇਸ਼ ਦੇ ਪਹਿਲੇ ਡਾਇਰੈਕਟਰ ਬਣ ਗਏ ਹਨ।