ਨਵੀਂ ਦਿੱਲੀ, 14 ਜੁਲਾਈ
ਭਾਰਤ-ਇਰਾਨ ਵੱਲੋਂ ਚਾਬਹਾਰ ਬੰਦਰਗਾਹ ਤੋਂ ਜਾਹੇਦਾਨ ਤੱਕ ਰੇਲ ਲਾਈਨ ਰਲ ਕੇ ਉਸਾਰਨ ਬਾਰੇ ਕੀਤੇ ਗਏ ਸਮਝੌਤੇ ਤੋਂ ਚਾਰ ਸਾਲ ਬਾਅਦ ਹੁਣ ਇਰਾਨ ਨੇ ਮੋੜਾ ਕਟਦਿਆਂ ਉਸਾਰੀ ਖ਼ੁਦ ਹੀ ਕਰਨ ਦਾ ਫ਼ੈਸਲਾ ਲਿਆ ਹੈ। ਇਰਾਨ ਸਰਕਾਰ ਨੇ ਭਾਰਤ ਵੱਲੋਂ ਫੰਡ ਜਾਰੀ ਨਾ ਕਰਨ ਤੇ ਪ੍ਰਾਜੈਕਟ ਨਾ ਆਰੰਭਣ ਦਾ ਹਵਾਲਾ ਦਿੱਤਾ ਹੈ। ਪਿਛਲੇ ਹਫ਼ਤੇ ਇਰਾਨ ਦੇ ਟਰਾਂਸਪੋਰਟ ਮੰਤਰੀ ਮੁਹੰਮਦ ਇਸਲਾਮੀ ਨੇ ਪੱਟੜੀ ਵਿਛਾਉਣ ਦੇ ਕੰਮ ਦਾ ਉਦਘਾਟਨ ਕਰ ਦਿੱਤਾ ਹੈ। 628 ਕਿਲੋਮੀਟਰ ਲੰਮੀ ਚਾਬਹਾਰ-ਜਾਹੇਦਾਨ ਲਾਈਨ ਜ਼ਾਰੰਜ ਤੱਕ ਜਾਏਗੀ ਜੋ ਕਿ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਖ਼ਹਿੰਦਾ ਹੈ। ਸੂਤਰਾਂ ਮੁਤਾਬਕ ਪੂਰਾ ਪ੍ਰਾਜੈਕਟ ਮਾਰਚ 2022 ਤੱਕ ਮੁਕੰਮਲ ਕਰ ਲਿਆ ਜਾਵੇਗਾ ਤੇ ਇਰਾਨ ਰੇਲਵੇਜ਼ ਭਾਰਤ ਦੀ ਸਹਾਇਤਾ ਤੋਂ ਬਿਨਾਂ ਹੀ ਇਸ ਨੂੰ ਪੂਰਾ ਕਰੇਗੀ। ਇਸ ਲਈ ਇਰਾਨੀ ਕੌਮੀ ਵਿਕਾਸ ਫੰਡ ਵਿਚੋਂ 40 ਕਰੋੜ ਡਾਲਰ ਖਰਚੇ ਜਾਣਗੇ। ਇਰਾਨ ਨੇ ਇਹ ਕਦਮ ਉਸ ਵੇਲੇ ਚੁੱਕਿਆ ਹੈ ਜਦ ਚੀਨ ਨੇ ਇਰਾਨੀ ਸਰਕਾਰ ਨਾਲ ਖ਼ਰਬਾਂ ਡਾਲਰ ਦੀ ਰਣਨੀਤਕ ਭਾਈਵਾਲੀ ਦਾ ਐਲਾਨ ਕੀਤਾ ਹੈ। ਇਹ ਭਾਈਵਾਲੀ 25 ਸਾਲਾਂ ਲਈ ਹੈ ਤੇ ਭਾਰਤ ਦੇ ਮੰਤਵਾਂ ਵਿਚ ਅੜਿੱਕਾ ਬਣ ਸਕਦੀ ਹੈ। ਇਹ ਰੇਲ ਪ੍ਰਾਜੈਕਟ ਇਰਾਨੀ ਰੇਲਵੇਜ਼ ਤੇ ਭਾਰਤ ਦੀ ਸਰਕਾਰੀ ਕੰਪਨੀ ‘ਇੰਡੀਅਨ ਰੇਲਵੇਜ਼ ਕੰਸਟਰੱਕਸ਼ਨ ਲਿਮਟਿਡ’ ਵੱਲੋਂ ਰਲ ਕੇ ਸਿਰੇ ਚਾੜ੍ਹਿਆ ਜਾਣਾ ਸੀ। ਰੇਲ ਲਾਈਨ ਭਾਰਤ, ਇਰਾਨ ਤੇ ਅਫ਼ਗਾਨਿਸਤਾਨ ਵਿਚਾਲੇ ਤਿੰਨ ਧਿਰੀ ਸਮਝੌਤੇ ਤਹਿਤ ਵਿਛਾਈ ਜਾਣੀ ਸੀ। ਇਹ ਅਫ਼ਗਾਨਿਸਤਾਨ ਤੇ ਕੇਂਦਰੀ ਏਸ਼ੀਆ ਲਈ ਬਦਲਵਾਂ ਵਪਾਰ ਰੂਟ ਸਾਬਿਤ ਹੋਵੇਗੀ। -ਏਜੰਸੀ