ਸ੍ਰੀਨਗਰ: ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਦਾ ਸਪਸ਼ਟ ਜ਼ਿਕਰ ਕਰਦਿਆਂ ਪੀਡੀਪੀ ਮੁਖੀ ਮਹਬਿੂਬਾ ਮੁਫ਼ਤੀ ਨੇ ਅੱਜ ਦੋਸ਼ ਲਾਇਆ ਕਿ ਜਿੱਥੇ ਕਿਤੇ ਵੀ ਮਨੁੱਖੀ ਅਧਿਕਾਰਾਂ ਅਤੇ ਪ੍ਰਤਿਸ਼ਠਾ ਦਾ ਮਾਮਲਾ ਉਭਰਿਆ ਹੈ, ਕੇਂਦਰ ਸਰਕਾਰ ਦੀ ਪਹੁੰਚ ਧਾਰਾ 144 ਲਾਗੂ ਕਰਕੇ ਉਸ ਨੂੰ ਕੁਚਲਣ ਦੀ ਰਹੀ ਹੈ। ਉਸ ਨੇ ਦਾਅਵਾ ਕੀਤਾ ਕਿ ਸਰਕਾਰ ਆਪਣੇ ਹੀ ਲੋਕਾਂ ਖ਼ਿਲਾਫ਼ ਸਖ਼ਤੀ ਕਰਦੀ ਹੈ, ਪਰ ਚੀਨੀ ਫ਼ੌਜੀਆਂ ਦਾ ਬਾਹਾਂ ਖੋਲ੍ਹ ਕੇ ਸਵਾਗਤ ਕਰਦੀ ਹੈ। ਉਨ੍ਹਾਂ ਦੀਆਂ ਇਹ ਟਿੱਪਣੀਆਂ ਐਤਵਾਰ ਨੂੰ ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਤੋਂ ਬਾਅਦ ਆਈਆਂ ਹਨ, ਜਿਸ ਵਿੱਚ ਘੱਟੋ-ਘੱਟ ਅੱਠ ਮੌਤਾਂ ਹੋ ਗਈਆਂ ਹਨ। ਵਿਰੋਧੀ ਧਿਰਾਂ ਦੇ ਕਈ ਆਗੂ ਰਾਤ ਤੋਂ ਹੀ ਉਤਰ ਪ੍ਰਦੇਸ਼ ਦੇ ਇਸ ਜ਼ਿਲ੍ਹੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕਿਆ ਜਾ ਰਿਹਾ ਹੈ। ਪੀਡੀਪੀ ਸੁਪਰੀਮੋ ਨੇ ਟਵੀਟ ਕੀਤਾ, ‘‘ਜਿੱਥੇ ਕਿਤੇ ਵੀ ਮਨੁੱਖੀ ਅਧਿਕਾਰਾਂ ਅਤੇ ਪ੍ਰਤਿਸ਼ਠਾ ਦਾ ਮਾਮਲਾ ਉਭਰਦਾ ਹੈ, ਕੇਂਦਰ ਸਰਕਾਰ ਦੀ ਉਸ ਨੂੰ ਧਾਰਾ 144 ਲਾਗੂ ਕਰ ਕੇ ਕੁਚਲਣ ਦੀ ਪਹੁੰਚ ਰਹੀ ਹੈ। ਇਹ ਸਰਕਾਰ ਆਪਣੇ ਹੀ ਲੋਕਾਂ ਖ਼ਿਲਾਫ਼ ਸਖ਼ਤੀ ਤੋਂ ਹਿਚਕਚਾਉਂਦੀ ਨਹੀਂ, ਪਰ ਚੀਨੀ ਫ਼ੌਜੀਆਂ ਦਾ ਦਿਲ ਖੋਲ੍ਹ ਕੇ ਸਵਾਗਤ ਕਰਦੀ ਹੈ।’’ -ਪੀਟੀਆਈ