ਚੰਡੀਗੜ੍ਹ, 21 ਨਵੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਦੋਸ਼ ਲਗਾਇਆ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਵੀ ਕੇਂਦਰ ਦੀ ਨਿਰਧਾਰਤ ਕੀਮਤ, ਗਰੀਬਾਂ ਲਈ ਭੋਜਨ ਸੁਰੱਖਿਆ, ਸਰਕਾਰੀ ਖਰੀਦ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਖਤਮ ਕਰਨ ਦੀ ‘ਸਾਜ਼ਿਸ਼’ ਜਾਰੀ ਰਹੇਗੀ। ਉਨ੍ਹਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣ ਲਈ ਕਾਨੂੰਨ ਬਣਾਉਣ ਬਾਰੇ ਉਸ ਨੇ ਇਕ ਸ਼ਬਦ ਵੀ ਨਹੀਂ ਕਿਹਾ।
ਕਾਬਿਲੇਗੌਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਸਰਕਾਰ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਸਿੱਧੂ ਨੇ ਐਤਵਾਰ ਨੂੰ ਕਿਹਾ, ‘‘ ਅੱਜ ਅਸੀਂ ਕੇਂਦਰ ਵੱਲੋਂ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ’ਤੇ ਜਿੱਤ ਦੇ ਜ਼ਸਨ ਮਨਾ ਰਹੇ ਹਾਂ…ਹੁਣ ਤਾਂ ਸਾਡਾ ਅਸਲ ਕੰਮ ਸ਼ੁਰੂ ਹੋਇਆ ਹੈ। ਕੇਂਦਰ ਦੀ ਐਮਐਸਪੀ, ਗਰੀਬ ਲਈ ਖੁਰਾਕ ਸੁਰੱਖਿਆ, ਫਸਲ ਦੀ ਖਰੀਦ ਬੰਦ ਕਰਨ ਦੀ ‘ਸਾਜ਼ਿਸ਼’ ਖੇਤੀ ਕਾਨੂੰਨਾਂ ਦੇ ਵਾਪਸ ਲੈਣ ਬਾਅਦ ਵੀ ਜਾਰੀ ਰਹੇਗੀ। ਹੁਣ ਇਹ ਲੁਕਵੀਂ ਅਤੇ ਵਧੇਰੇ ਖ਼ਤਰਨਾਕ ਹੋਵੇਗੀ। ’’ ਉਨ੍ਹਾਂ ਕਿਹਾ ਕਿ ਸਰਕਾਰ ਦਾ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਸਹੀ ਦਿਸ਼ਾ ਵਲ ਚੁੱਕਿਆ ਕਦਮ ਹੈ ਪਰ ਐਮਐਸਪੀ ਖੇਤੀ ਕਾਨੂੰਨਾਂ ਤੋਂ ਵੱਡਾ ਮੁੱਦਾ ਹੈ। -ਪੀਟੀਆਈ