ਨਵੀ ਦਿੱਲੀ, 28 ਜੁਲਾਈ
ਅਸਾਮ ਅਤੇ ਮਿਜ਼ੋਰਮ ’ਚ ਵਿਵਾਦਤ ਸਰਹੱਦ ’ਤੇ ਨਿਰਪੱਖ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਜਾਵੇਗੀ। ਇਸ ਸਬੰਧੀ ਫ਼ੈਸਲਾ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ, ਅਸਾਮ ਦੇ ਮੁੱਖ ਸਕੱਤਰ ਜਿਸ਼ਨੂੰ ਬਰੂਆ, ਡੀਜੀਪੀ ਭਾਸਕਰ ਜਯੋਤੀ ਮਹੰਤਾ, ਮਿਜ਼ੋਰਮ ਦੇ ਮੁੱਖ ਸਕੱਤਰ ਲਾਲਨੁਨਮਾਵੀਆ ਚੁਆਂਗੋ ਅਤੇ ਡੀਜੀਪੀ ਐੱਸ ਬੀ ਕੇ ਸਿੰਘ ਵਿਚਕਾਰ ਦੋ ਘੰਟਿਆਂ ਤੱਕ ਹੋਈ ਬੈਠਕ ਦੌਰਾਨ ਲਿਆ ਗਿਆ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਦੋਵੇਂ ਸੂਬਾ ਸਰਕਾਰਾਂ ਕੌਮੀ ਰਾਜ ਮਾਰਗ 306 ’ਤੇ ਅੰਤਰਰਾਜੀ ਸਰਹੱਦ ਉਪਰ ਨਿਰਪੱਖ ਕੇਂਦਰੀ ਹਥਿਆਰਬੰਦ ਪੁਲੀਸ ਬਲ (ਸੀਏਪੀਐੱਫ) ਤਾਇਨਾਤ ਕਰਨ ਲਈ ਰਾਜ਼ੀ ਹੋ ਗਈਆਂ ਹਨ। ਸੀਏਪੀਐੱਫ ਦੀ ਅਗਵਾਈ ਸੀਨੀਅਰ ਅਧਿਕਾਰੀ ਕਰੇਗਾ। ਕੇਂਦਰੀ ਗ੍ਰਹਿ ਸਕੱਤਰ ਨੇ ਅਸਾਮ ਅਤੇ ਮਿਜ਼ੋਰਮ ਸਰਕਾਰਾਂ ਦੇ ਵਫ਼ਦਾਂ ਨੂੰ ਸਪੱਸ਼ਟ ਸੁਨੇਹਾ ਦਿੱਤਾ ਕਿ ਉਹ ਸਰਹੱਦੀ ਮੁੱਦੇ ਨੂੰ ਆਪਸੀ ਤਾਲਮੇਲ ਅਤੇ ਵਿਚਾਰ ਵਟਾਂਦਰੇ ਨਾਲ ਸੁਲਝਾਉਣ ਦੇ ਯਤਨ ਕਰਨ। ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿਜ਼ੋਰਮ ਦੇ ਮੁੱਖ ਸਕੱਤਰ ਨੇ ਕਿਹਾ ਕਿ ਅੰਤਰਰਾਜੀ ਸਰਹੱਦ ’ਤੇ ਹਾਲਾਤ ਸ਼ਾਂਤ ਹਨ ਅਤੇ ਮੀਟਿੰਗ ’ਚ ਹਰ ਕਿਸੇ ਨੇ ਸ਼ਾਂਤੀ ਬਹਾਲੀ ਦੀ ਕੋਸ਼ਿਸ਼ ਕਰਨ ’ਤੇ ਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਸੂਬਿਆਂ ਦੇ ਸੁਰੱਖਿਆ ਬਲਾਂ ਨੂੰ ਵਿਵਾਦਤ ਇਲਾਕੇ ’ਚੋਂ ਹਟਾਇਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਸਰਹੱਦੀ ਵਿਵਾਦ ਕਾਰਨ ਛੇ ਵਿਅਕਤੀਆਂ ਦੀ ਮੌਤ ਅਤੇ ਹਿੰਸਾ ਤੋਂ ਕੇਂਦਰ ਸਰਕਾਰ ਫਿਕਰਮੰਦ ਹੈ ਅਤੇ ਉਥੇ ਤਣਾਅ ਘਟਾਉਣ ਦੇ ਉਦੇਸ਼ ਨਾਲ ਇਹ ਮੀਟਿੰਗ ਸੱਦੀ ਗਈ ਸੀ। ਇਸ ਮੀਟਿੰਗ ’ਚ ਸੀਆਰਪੀਐੱਫ ਦੇ ਡਾਇਰੈਕਟਰ ਜਨਰਲ ਨੇ ਵੀ ਸ਼ਿਰਕਤ ਕੀਤੀ ਕਿਉਂਕਿ ਹਿੰਸਾ ਤੋਂ ਬਾਅਦ ਅਸਾਮ-ਮਿਜ਼ੋਰਮ ਸਰਹੱਦ ’ਤੇ ਹੁਣ ਸੀਆਰਪੀਐੱਫ ਤਾਇਨਾਤ ਕੀਤੀ ਗਈ ਹੈ। -ਪੀਟੀਆਈ