ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 7 ਦਸੰਬਰ
ਪੀਡੀਪੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਸੱਤਾਧਾਰੀ ਭਾਜਪਾ ਜੰਮੂ ਕਸ਼ਮੀਰ ਨੂੰ ਬਸਤੀ ਵਾਂਗ ਚਲਾ ਰਹੀ ਹੈ ਤੇ ਇਸ ਨੂੰ ਕੌਮੀ ਪੱਧਰ ਉਤੇ ਤਜਰਬੇ ਕਰਨ ਲਈ ਲੈਬਾਰਟਰੀ ਬਣਾਇਆ ਹੋਇਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਮੁਫਤੀ ਨੇ ਕਿਹਾ ਜਦ ਵੀ ਚੋਣਾਂ ਹੋਣਗੀਆਂ, ਪੀਡੀਪੀ ਜੰਮੂ ਕਸ਼ਮੀਰ ਵਿਚ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਜਦ ਤੱਕ ਧਾਰਾ 370 ਤੇ 35-ਏ ਬਹਾਲ ਨਹੀਂ ਹੁੰਦੀਆਂ ਉਹ ਖ਼ੁਦ ਚੋਣ ਨਹੀਂ ਲੜੇਗੀ। ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ ਵੱਲੋਂ ਜੰਮੂ ਵਿਚ ਕੀਤੇ ਜਾ ਰਹੇ ਰਾਜਨੀਤਕ ਰਾਬਤੇ ਉਤੇ ਮੁਫਤੀ ਨੇ ਇਤਰਾਜ਼ ਜਤਾਇਆ ਤੇ ਕਿਹਾ ਉਨ੍ਹਾਂ ਦੇ ਕਦਮ ਵਿਰੋਧੀ ਧਿਰ ਨੂੰ ਵੰਡ ਦੇਣਗੇ ਤੇ ਭਾਜਪਾ ਨੂੰ ਫਾਇਦਾ ਹੋਵੇਗਾ। ਮੁਫ਼ਤੀ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਗੁਪਕਾਰ ਐਲਾਨਨਾਮੇ ਵਿਚ ਸ਼ਾਮਲ ਸਾਰੀਆਂ ਧਿਰਾਂ ਦਾ ਸਾਂਝਾ ਟੀਚਾ ਹੈ ਜੋ ਕਿ ਧਾਰਾ 370 ਬਹਾਲ ਕਰਾਉਣਾ ਤੇ ਅਗਸਤ 2019 ਤੋਂ ਪਹਿਲਾਂ ਵਾਲੀ ਸਥਿਤੀ ਵਿਚ ਪਰਤਣਾ ਹੈ। ਉਨ੍ਹਾਂ ਕਿਹਾ ਕਿ 24 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਮੀਟਿੰਗ ਤੋਂ ਬਾਅਦ ਕੇਂਦਰ ਨੇ ਕੋਈ ਤਾਲਮੇਲ ਨਹੀਂ ਕੀਤਾ। ਜਦਕਿ ਗੱਲਬਾਤ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ।