ਮੁੰਬਈ, 27 ਨਵੰਬਰ
ਮਹਾਰਾਸ਼ਟਰ ਸਰਕਾਰ ਦੇ ਮੰਤਰੀ ਤੇ ਐਨਸੀਪੀ ਆਗੂ ਨਵਾਬ ਮਲਿਕ ਨੇ ਅੱਜ ਦਾਅਵਾ ਕੀਤਾ ਕਿ ਕੁਝ ਅਣਪਛਾਤੇ ਲੋਕਾਂ ਨੇ ਉਨ੍ਹਾਂ ਦੀ ਰਿਹਾਇਸ਼ ਦੀ ਰੇਕੀ ਕਰਨ ਦਾ ਯਤਨ ਕੀਤਾ ਤੇ ਉਨ੍ਹਾਂ ਬਾਰੇ ਤੇ ਉਨ੍ਹਾਂ ਦੇ ਪਰਿਵਾਰ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ। ਮਲਿਕ ਨੇ ਦੋਸ਼ ਲਾਇਆ ਕਿ ਕੁਝ ਕੇਂਦਰੀ ਏਜੰਸੀਆਂ ਉਨ੍ਹਾਂ ਨੂੰ ਗਲਤ ਮਾਮਲਿਆਂ ਵਿਚ ਫਸਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਕ ਮੀਡੀਆ ਕਾਨਫਰੰਸ ਵਿਚ ਮਲਿਕ ਨੇ ਕਿਹਾ ਕਿ ਉਹ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਮੁੰਬਈ ਪੁਲੀਸ ਦੇ ਕਮਿਸ਼ਨਰ ਨੂੰ ਸ਼ਿਕਾਇਤ ਕਰਨਗੇ। ਮਲਿਕ ਨੇ ਕਿਹਾ ਉਨ੍ਹਾਂ ਕੋਲ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਦੇ ਘਰ ਤੇ ਪਰਿਵਾਰ ਉਤੇ ਨਜ਼ਰ ਰੱਖੀ ਜਾ ਰਹੀ ਹੈ। ਮਲਿਕ ਨੇ ਦੋਸ਼ ਲਾਇਆ ਕਿ ‘ਜਦ ਉਹ ਪਿਛਲੇ ਹਫ਼ਤੇ ਦੁਬਈ ਵਿਚ ਸਨ ਤਾਂ ਕੈਮਰਾ ਲੈ ਕੇ ਦੋ ਜਣਿਆਂ ਨੇ ਉਨ੍ਹਾਂ ਦੇ ਘਰ ਦੀ ਰੇਕੀ ਕਰਨ ਦੀ ਕੋਸ਼ਿਸ਼ ਕੀਤੀ। ਮਲਿਕ ਨੇ ਕਿਹਾ ਉਹ ਉਨ੍ਹਾਂ ਦੇ ਘਰ, ਸਕੂਲਾਂ, ਦਫ਼ਤਰਾਂ ਤੇ ਦੋਹਤੇ-ਪੋਤਿਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਕੁਝ ਲੋਕਾਂ ਨੇ ਜਦ ਉਨ੍ਹਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਹ ਭੱਜ ਗਏ। ਮਲਿਕ ਨੇ ਦਾਅਵਾ ਕੀਤਾ ਕਿ ਕੇਂਦਰੀ ਏਜੰਸੀਆਂ ਦੇ ਕੁਝ ਅਧਿਕਾਰੀ ਉਨ੍ਹਾਂ ਵਿਰੁੱਧ ਸ਼ਿਕਾਇਤ ਦਾ ਵਟਸਐਪ ਮਸੌਦਾ ਬਣਾ ਰਹੇ ਹਨ ਜਿਸ ਨੂੰ ਈਮੇਲ ਜ਼ਰੀਏ ਭੇਜਿਆ ਜਾਵੇਗਾ। ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ ਵਟਸਐਪ ਚੈਟ ਦੇ ਸਬੂਤ ਹਨ। ਉਨ੍ਹਾਂ ਕਿਹਾ ਕਿ ਉਹ ਇਹ ਸਭ ਬਰਦਾਸ਼ਤ ਨਹੀਂ ਕਰਨਗੇ। -ਪੀਟੀਆਈ