ਮੁੰਬਈ, 6 ਦਸੰਬਰ
ਐਨਸੀਪੀ ਮੁਖੀ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਰੋਸ ਨੂੰ ਗੰਭੀਰਤਾ ਨਾਲ ਲੈ ਕੇ ਹੱਲ ਕੱਢਣਾ ਚਾਹੀਦਾ ਹੈ ਤੇ ਖੜ੍ਹੋਤ ਤੋੜਨੀ ਚਾਹੀਦੀ ਹੈ। ਪਵਾਰ ਨੇ ਕਿਹਾ ਕਿ ਸੰਘਰਸ਼ ਸਿਰਫ਼ ਦਿੱਲੀ ਤੱਕ ਸੀਮਤ ਨਹੀਂ ਰਹੇਗਾ ਤੇ ਪੂਰੇ ਦੇਸ਼ ਦੇ ਲੋਕ ਮੁਜ਼ਾਹਰਾਕਾਰੀ ਕਿਸਾਨਾਂ ਨਾਲ ਖੜ੍ਹ ਜਾਣਗੇ। ਮੀਡੀਆ ਨਾਲ ਗੱਲਬਾਤ ਕਰਦਿਆਂ ਪਵਾਰ ਨੇ ਕਿਹਾ ਕਿ ਕਿਸਾਨ ਜਦੋਂ ਸੜਕਾਂ ਉਤੇ ਉਤਰ ਆਉਣ ਤਾਂ ਇਸ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ, ਪਰ ਮੰਦਭਾਗਾ ਹੈ ਕਿ ਅਜਿਹਾ ਨਹੀਂ ਹੋ ਰਿਹਾ ਹੈ। ਸਾਬਕਾ ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਸਰਕਾਰ ਜਲਦੀ ਸਮਝੇਗੀ ਤੇ ਮਸਲੇ ਦਾ ਹੱਲ ਕੱਢਣ ਲਈ ਕਦਮ ਚੁੱਕੇਗੀ। ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਨੂੰ ਵੀ ਕਿਸਾਨਾਂ ਤੇ ਸਰਕਾਰ ਵਿਚਾਲੇ ਹੋਈ ਗੱਲਬਾਤ ਦਾ ਕੋਈ ਸਿੱਟਾ ਨਹੀਂ ਨਿਕਲਿਆ ਹੈ। ਐਨਸੀਪੀ ਸੁਪਰੀਮੋ ਨੇ ਕਿਹਾ ਕਿ ਜਦ ਤਿੰਨ ਬਿੱਲ ਸੰਸਦ ਵਿਚ ਰੱਖੇ ਗਏ ਸਨ ਤਾਂ ਭਾਜਪਾ ਨੂੰ ਛੱਡ ਸਾਰੀਆਂ ਪਾਰਟੀਆਂ ਨੇ ਮੰਗ ਰੱਖੀ ਸੀ ਕਿ ਇਨ੍ਹਾਂ ਨੂੰ ਚਰਚਾ ਲਈ ਸਾਂਝੀ ਸੰਸਦੀ ਕਮੇਟੀ ਹਵਾਲੇ ਕਰਨਾ ਚਾਹੀਦਾ ਹੈ। ਸਰਕਾਰ ਨੇ ਉਸ ਵੇਲੇ ਕਿਸੇ ਦੀ ਨਹੀਂ ਸੁਣੀ ਤੇ ਹੁਣ ਨਤੀਜੇ ਭੁਗਤ ਰਹੀ ਹੈ। -ਪੀਟੀਆਈ
‘ਪੰਜਾਬ ਤੇ ਹਰਿਆਣਾ ਹੀ ਭਰਦੇ ਨੇ ਦੇਸ਼ ਦਾ ਢਿੱਡ’
ਸਾਬਕਾ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਨਾਲ ਹੀ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨ ਹੀ ਦੇਸ਼ ਦੀ ਖੇਤੀ ਤੇ ਖੁਰਾਕ ਮੰਗ ਦਾ ਵੱਡਾ ਹਿੱਸਾ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਾਡਾ ਢਿੱਡ ਹੀ ਨਹੀਂ ਭਰਦੇ ਬਲਕਿ ਖੁਰਾਕੀ ਪਦਾਰਥ ਜਿਵੇਂ ਕਿ ਕਣਕ ਤੇ ਚੌਲ ਪੈਦਾ ਕਰਨ ਵਿਚ ਸਭ ਤੋਂ ਵੱਡਾ ਯੋਗਦਾਨ ਵੀ ਇਨ੍ਹਾਂ ਦਾ ਹੀ ਹੈ। ਇਸ ਤੋਂ ਇਲਾਵਾ ਕਰੀਬ ਦਰਜਨ ਮੁਲਕਾਂ ਨੂੰ ਇਨ੍ਹਾਂ ਵੱਲੋਂ ਪੈਦਾ ਕੀਤਾ ਅਨਾਜ ਜਾਂਦਾ ਹੈ।
9 ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਸ਼ਰਦ ਪਵਾਰ
ਮੁੰਬਈ: ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਦਰਮਿਆਨ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲਣਗੇ। ਪਾਰਟੀ ਦੇ ਬੁਲਾਰੇ ਮਹੇਸ਼ ਤਾਪਸੇ ਨੇ ਕਿਹਾ ਕਿ ਸਾਬਕਾ ਕੇਂਦਰੀ ਖੇਤੀਬਾੜੀ ਮੰਤਰੀ ਰਾਸ਼ਟਰਪਤੀ ਨੂੰ ਕਿਸਾਨਾਂ ਦੇ ਸੰਘਰਸ਼ ਕਾਰਨ ਦੇਸ਼ ’ਚ ਬਣੇ ਹਾਲਾਤ ਬਾਰੇ ਜਾਣੂ ਕਰਵਾਉਣਗੇ। -ਪੀਟੀਆਈ