ਗੁਹਾਟੀ, 23 ਜਨਵਰੀ
ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਹੈ ਕਿ ਅਸਾਮ ਅਤੇ ਮੇਘਾਲਿਆ ਦੇ ਸਰਹੱਦੀ ਵਿਵਾਦ ਦੇ ਨਬਿੇੜੇ ਲਈ ਭੇਜੀਆਂ ਗਈਆਂ ਸਿਫ਼ਾਰਸ਼ਾਂ ’ਤੇ ਅੰਤਿਮ ਫ਼ੈਸਲਾ ਕੇਂਦਰ ਨੇ ਕਰਨਾ ਹੈ। ਉਨ੍ਹਾਂ ਸਰਹੱਦੀ ਵਿਵਾਦ ਦੇ ਹੱਲ ਲਈ ‘ਲੈਣ-ਦੇਣ’ ਦੇ ਪ੍ਰਸਤਾਵਿਤ ਫਾਰਮੂਲੇ ਦੇ ਵਿਰੋਧ ਲਈ ਕਾਂਗਰਸ ਦੀ ਨੁਕਤਾਚੀਨੀ ਕੀਤੀ ਅਤੇ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੇ ਹੀ ਅਣਵੰਡੇ ਅਸਾਮ ’ਚੋਂ ਹੋਰ ਸੂਬਿਆਂ ਨੂੰ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਹੱਦੀ ਵਿਵਾਦਾਂ ਦੇ ਨਬਿੇੜੇ ਤੋਂ ਗੁਰੇਜ਼ ਕਰਦੀ ਰਹੀ ਤਾਂ ਜੋ ਗੁਆਂਢੀ ਸੂਬੇ ਹਮੇਸ਼ਾ ਇਕ-ਦੂਜੇ ਨਾਲ ਉਲਝਦੇ ਰਹਿਣ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਮਾ ਨੇ ਕਿਹਾ,‘‘ਅਸੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਿਫ਼ਾਰਸ਼ਾਂ ਭੇਜ ਦਿੱਤੀਆਂ ਹਨ ਅਤੇ ਹੁਣ ਗੇਂਦ ਕੇਂਦਰ ਦੇ ਪਾਲੇ ’ਚ ਹੈ।’’
ਸਰਮਾ ਅਤੇ ਉਨ੍ਹਾਂ ਦੇ ਮੇਘਾਲਿਆ ਦੇ ਹਮਰੁਤਬਾ ਕੋਨਰਾਡ ਸੰਗਮਾ ਨੇ ਦੋਵੇਂ ਸੂਬਿਆਂ ਵੱਲੋਂ ਬਣਾਈਆਂ ਗਈਆਂ ਤਿੰਨ ਖੇਤਰੀ ਕਮੇਟੀਆਂ ਦੀਆਂ ਸਿਫ਼ਾਰਸ਼ਾਂ 20 ਜਨਵਰੀ ਨੂੰ ਜਮ੍ਹਾਂ ਕਰਵਾਈਆਂ ਸਨ। -ਪੀਟੀਆਈ